ਕਾਂਗਰਸ ਸੱਦੇਗੀ 8-9 ਅਪੈ੍ਰਲ ਨੂੰ ਅਹਿਮਦਾਬਾਦ ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਦਾ ਇਜਲਾਸ

ਕਾਂਗਰਸ ਸੱਦੇਗੀ 8-9 ਅਪੈ੍ਰਲ ਨੂੰ ਅਹਿਮਦਾਬਾਦ ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਦਾ ਇਜਲਾਸ
ਨਵੀਂ ਦਿੱਲੀ : ਭਾਰਤ ਦੀ ਇਤਿਹਾਸਕ ਪਾਰਟੀ ਕਾਂਗਰਸ ਨੇ ਅੱਜ ਐਲਾਨ ਕੀਤਾ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਵਿੱਚ 8 ਤੇ 9 ਅਪਰੈਲ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦਾ ਇਜਲਾਸ ਸੱਦੇਗੀ, ਜਿਸ ਵਿੱਚ ਭਾਜਪਾ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ, ਸੰਵਿਧਾਨ ’ਤੇ ਉਸ ਦੇ ਕਥਿਤ ਹਮਲੇ ਅਤੇ ਅੱਗੇ ਦਾ ਰੋਡਮੈਪ ਤਿਆਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ । ਕਾਂਗਰਸ ਦੇ ਜਨਰਲ ਸਕੱਤਰ ਤੇ ਸੰਗਠਨ ਇੰਚਾਰਜ ਕੇਸੀ ਵੇਣੂਗੋਪਾਲ ਨੇ ਇਕ ਬਿਆਨ ਵਿੱਚ ਕਿਹਾ ਕਿ ਅਗਾਮੀ ਇਜਲਾਸ ਨਾ ਸਿਰਫ਼ ਅਹਿਮ ਵਿਚਾਰ ਚਰਚਾ ਲਈ ਇਕ ਪਲੇਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ, ਬਲਕਿ ਆਮ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਦੇਸ਼ ਲਈ ਇਕ ਮਜ਼ਬੂਤ ਬਦਲਵੇਂ ਦ੍ਰਿਸ਼ਟੀਕੋਣ ਪੇਸ਼ ਕਰਨ ਦੇ ਕਾਂਗਰਸ ਪਾਰਟੀ ਦੇ ਸਮੂਹਿਕ ਸੰਕਲਪ ਨੂੰ ਵੀ ਪ੍ਰਦਰਸ਼ਿਤ ਕਰੇਗਾ । ਵੇਣੂਗੋਪਾਲ ਨੇ ਕਿਹਾ ਕਿ ਇਹ ਅਹਿਮ ਇਜਲਾਸ ਦੇਸ਼ ਭਰ ਤੋਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਤੀਨਿਧਾਂ ਨੂੰ ਇਕਜੁੱਟ ਕਰੇਗਾ, ਜਿੱਥੇ ਉਹ ਭਾਜਪਾ ਦੀਆਂ ਜਨਵਿਰੋਧੀ ਨੀਤੀਆਂ ਤੇ ਸੰਵਿਧਾਨ ਅਤੇ ਉਸ ਦੀਆਂ ਕੀਮਤਾਂ ’ਤੇ ਲਗਾਤਾਰ ਹਮਲਿਆਂ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ ’ਤੇ ਵਿਚਾਰ ਚਰਚਾ ਕਰਨਗੇ ਅਤੇ ਪਾਰਟੀ ਦੀ ਭਵਿੱਖ ਦੀ ਕਾਰਜ ਯੋਜਨਾ ਤਿਆਰ ਕਰਨਗੇ । ਉਨ੍ਹਾਂ ਕਿਹਾ ਕਿ ਇਜਲਾਸ 8 ਅਪਰੈਲ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਵਿਸਥਾਰਤ ਮੀਟਿੰਗ ਦੇ ਨਾਲ ਸ਼ੁਰੂ ਹੋਵੇਗਾ ਜਿਸ ਮਗਰੋਂ 9 ਅਪਰੈਲ ਨੂੰ ਏਆਈਸੀਸੀ ਪ੍ਰਤੀਨਿਧਾਂ ਦੀ ਮੀਟਿੰਗ ਹੋਵੇਗੀ ।
