ਸੁਰੰਗ ਵਿਚ ਫਸੇ 8 ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬੇਸ਼ਕ ਘੱਟ ਪਰ ਉਨ੍ਹਾਂ ਤੱਕ ਪਹੁੰਚਣ ਦੀ ਹਰ ਸੰਭਵ ਕੋਸਿ਼ਸ਼ ਜਾਰੀ : ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ

ਸੁਰੰਗ ਵਿਚ ਫਸੇ 8 ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬੇਸ਼ਕ ਘੱਟ ਪਰ ਉਨ੍ਹਾਂ ਤੱਕ ਪਹੁੰਚਣ ਦੀ ਹਰ ਸੰਭਵ ਕੋਸਿ਼ਸ਼ ਜਾਰੀ : ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ
ਹੈਦਰਾਬਾਦ, 24 ਫਰਵਰੀ : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਦੋ ਦਿਨ ਪਹਿਲਾਂ ਐੱਸ. ਐੱਲ. ਬੀ. ਸੀ. ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਉੱਥੇ ਫਸੇ ਅੱਠ ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਉਨ੍ਹਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਰੈਟ ਮਾਈਨਰਜ਼ ਇੱਕ ਟੀਮ ਜਿਸ ਨੇ 2023 ਵਿੱਚ ਉੱਤਰਾਖੰਡ ਵਿੱਚ ਸਿਲਕਿਆਰਾ ਮੋੜ-ਬਰਕੋਟ ਸੁਰੰਗ ਵਿੱਚ ਫਸੇ ਉਸਾਰੀ ਮਜ਼ਦੂਰਾਂ ਨੂੰ ਬਚਾਇਆ ਸੀ, ਬਚਾਅ ਟੀਮਾਂ ਵਿੱਚ ਸ਼ਾਮਲ ਹੋ ਗਈ ਹੈ । ਮੰਤਰੀ ਨੇ ਕਿਹਾ ਕਿ ਫਸੇ ਵਿਅਕਤੀਆਂ ਨੂੰ ਬਚਾਉਣ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਦਿਨ ਲੱਗਣਗੇ ਕਿਉਂਕਿ ਹਾਦਸੇ ਵਾਲੀ ਥਾਂ ਮਿੱਟੀ ਅਤੇ ਮਲਬੇ ਨਾਲ ਭਰੀ ਹੋਈ ਹੈ, ਜਿਸ ਕਾਰਨ ਬਚਾਅ ਟੀਮਾਂ ਨੂੰ ਮੁਸ਼ਕਲ ਆ ਰਹੀ ਹੈ । ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਦੂਰ ਹਨ ਕਿਉਂਕਿ ਮੈਂ ਖੁਦ ਸਿਰੇ ਤੱਕ ਗਿਆ ਸੀ ਲਗਭਗ 50 ਮੀਟਰ ਦੀ ਦੂਰੀ ’ਤੇ, ਜਦੋਂ ਅਸੀਂ ਫੋਟੋਆਂ ਖਿੱਚੀਆਂ ਤਾਂ (ਸੁਰੰਗ ਦਾ) ਸਿਰਾ ਦਿਖਾਈ ਦੇ ਰਿਹਾ ਸੀ ਤੇ ਜਦੋਂ ਅਸੀਂ ਉਨ੍ਹਾਂ ਦੇ ਨਾਮ ਲੈ ਕੇ ਰੌਲਾ ਪਾਇਆ ਤਾਂ ਕੋਈ ਜਵਾਬ ਨਹੀਂ ਆਇਆ, ਇਸ ਲਈ, ਕੋਈ ਮੌਕਾ ਨਹੀਂ ਹੈ ।
