ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੋਟੜਾ ਲਹਿਲ ਵਿੱਚ ਦੋ ਵੱਖ-ਵੱਖ ਖਾਲਾਂ ਨੂੰ ਪੱਕਾ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੋਟੜਾ ਲਹਿਲ ਵਿੱਚ ਦੋ ਵੱਖ-ਵੱਖ ਖਾਲਾਂ ਨੂੰ ਪੱਕਾ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ
ਦੋਵੇਂ ਪ੍ਰੋਜੈਕਟ ਮੁਕੰਮਲ ਹੋਣ ‘ਤੇ ਆਵੇਗੀ 1.44 ਕਰੋੜ ਲਾਗਤ, 411 ਏਕੜ ਰਕਬੇ ਨੂੰ ਮਿਲੇਗਾ ਸੌ ਫ਼ੀਸਦੀ ਨਹਿਰੀ ਪਾਣੀ
ਲਹਿਰਾਗਾਗਾ/ ਸੰਗਰੂਰ 24 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਿੱਥੇ ਗਏ ਟੀਚੇ ਨੂੰ ਸਾਕਾਰ ਕਰਨ ਲਈ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਉਪਰਾਲੇ ਜਾਰੀ ਹਨ । ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਕੋਟੜਾ ਲਹਿਲ ਵਿੱਚ ਘੱਗਰ ਬਰਾਂਚ ਦੀਆਂ ਦੋ ਵੱਖ-ਵੱਖ ਖਾਲਾਂ ਨੂੰ ਪੱਕਾ ਕਰਨ ਦੇ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਦਿਆਂ ਦੱਸਿਆ ਕਿ 1.44 ਕਰੋੜ ਰੁਪਏ ਦੀ ਲਾਗਤ ਵਾਲੇ ਇਹਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ 411 ਏਕੜ ਰਕਬੇ ਨੂੰ 100 % ਨਹਿਰੀ ਪਾਣੀ ਨਾਲ ਜੋੜਿਆ ਜਾਵੇਗਾ। ਮੰਤਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਕੋਟੜਾ ਲਹਿਲ ਦੀ ਇੱਕ ਖਾਲ ਦੀ ਕੁੱਲ ਲੰਬਾਈ 3820 ਮੀਟਰ ਹੈ, ਜਿਸ ਦਾ ਕੁੱਲ ਸਿੰਚਾਈ ਯੋਗ ਰਕਬਾ 119 ਏਕੜ ਹੈ ਪਰ ਅਜੋਕੇ ਸਮੇਂ ਵਿੱਚ ਕੇਵਲ 30 ਤੋਂ 35 ਫੀਸਦੀ ਰਕਬੇ ਨੂੰ ਹੀ ਨਹਿਰੀ ਪਾਣੀ ਲੱਗ ਰਿਹਾ ਹੈ ਜਦਕਿ ਬਾਕੀ ਰਕਬਾ ਪਿਛਲੇ ਤਿੰਨ ਦਹਾਕਿਆਂ ਤੋਂ ਨਹਿਰੀ ਪਾਣੀ ਤੋਂ ਵਾਂਝਾ ਹੈ । ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 4276 ਮੀਟਰ ਲੰਬਾਈ ਵਾਲੀ ਦੂਜੀ ਖਾਲ ਦਾ ਇੰਚਾਈ ਯੋਗ ਰਕਬਾ 292 ਏਕੜ ਹੈ ਪਰ 50 % ਤੋਂ ਵੱਧ ਰਕਬਾ ਨਹਿਰੀ ਪਾਣੀ ਤੋਂ ਵਾਂਝਾ ਹੈ ਅਤੇ ਕਿਸਾਨ ਵੀਰਾਂ ਨੂੰ ਇਹ ਸੁਵਿਧਾ ਛੇਤੀ ਤੋਂ ਛੇਤੀ ਉਪਲਬਧ ਕਰਵਾਉਣ ਲਈ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤਾ ਗਏ ਹਨ ।
ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਨੂੰ ਯਕੀਨੀ ਬਣਾਇਆ ਜਾਵੇ । ਉਹਨਾਂ ਦੱਸਿਆ ਕਿ ਖੇਤਾਂ ਵਿੱਚ ਨਹਿਰੀ ਪਾਣੀ ਪੁੱਜਣ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਦੀ ਆਮਦਨ ਵੀ ਵਧੇਗੀ । ਇਸ ਮੌਕੇ ਜਲ ਸਰੋਤ ਵਿਭਾਗ ਦੇ ਐਕਸੀਅਨ ਜਗਮੀਤ ਸਿੰਘ, ਕੈਬਨਿਟ ਮੰਤਰੀ ਦੇ ਪੀ.ਏ ਰਾਕੇਸ਼ ਕੁਮਾਰ ਗੁਪਤਾ, ਗੋਰਖਾ ਸਿੰਘ ਸਰਪੰਚ, ਨਿਰਮਲ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ, ਗਮਦੂਰ ਸਿੰਘ, ਰਣਜੀਤ ਸਿੰਘ, ਬਿੰਦਰ ਸਿੰਘ, ਸਤਿਗੁਰੂ ਸਿੰਘ, ਗੁਰਪਿਆਰ ਸਿੰਘ, ਲਖਮੀਰ ਸਿੰਘ, ਹਰਜੀਤ ਸਿੰਘ ਵੀ ਮੌਜੂਦ ਸਨ ।
