ਕੰਪਿਊਟਰ ਅਧਿਆਪਕਾਂ ਵੱਲੋਂ 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 'ਹੱਕ ਬਚਾਓ ਰੈਲੀ' ਕਰਨ ਦਾ ਐਲਾਨ

ਦੁਆਰਾ: Punjab Bani ਪ੍ਰਕਾਸ਼ਿਤ :Monday, 24 February, 2025, 11:41 AM

ਕੰਪਿਊਟਰ ਅਧਿਆਪਕਾਂ ਵੱਲੋਂ 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ
– ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ਼
ਪਟਿਆਲਾ : ਪੰਜਾਬ ਦੇ ਕੰਪਿਊਟਰ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਸਿਰਫ਼ ਝੂਠੇ ਵਾਅਦੇ ਕਰ ਰਹੀ ਹੈ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਨੂੰ ਬਹਾਲ ਕਰਨ ਵਿੱਚ ਸਰਕਾਰ ਦੀ ਟਾਲਮਟੋਲ ਵਾਲੀ ਨੀਤੀ ਦੇ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ, ਇਸ ਲਈ ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਕਿ 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੱਕ ਬਚਾਓ ਰੈਲੀ ਵੀ ਕੀਤੀ ਜਾਵੇਗੀ ।
ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਭਵਿੱਖ ਦੀ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਦੌਰਾਨ ਪ੍ਰਮੁੱਖ ਅਧਿਆਪਕ ਆਗੂਆਂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਜੌਨੀ ਸਿੰਗਲਾ, ਨਰਦੀਪ ਸ਼ਰਮਾ, ਸੁਸ਼ੀਲ ਅੰਗੁਰਾਲ, ਜਸਪਾਲ, ਗੁਰਬਖਸ਼ ਲਾਲ, ਲਖਵਿੰਦਰ ਸਿੰਘ, ਊਧਮ ਸਿੰਘ ਡੋਗਰਾ, ਰਾਕੇਸ਼ ਸੈਣੀ, ਰਣਜੀਤ ਸਿੰਘ ਅਤੇ ਰਾਜਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਪਿਛਲੇ ਛੇ ਮਹੀਨਿਆਂ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਈ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ਦਾ ਨਤੀਜਾ ‘ਸਿਫਰ’ ਰਿਹਾ ਹੈ ਹਰ ਵਾਰ ਅਧਿਆਪਕਾਂ ਨੂੰ ਭਰੋਸਾ ਦੇਣ ਤੋਂ ਬਾਅਦ ਹੀ ਵਾਪਸ ਭੇਜ ਦਿੱਤਾ ਜਾਂਦਾ ਸੀ ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ । ਸਰਕਾਰ ਵੱਲੋਂ ‘ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ’ ਦਾ ਲਿਆ ਗਿਆ ਸਿਆਸੀ ਫੈਸਲਾ ਨੌਕਰਸ਼ਾਹੀ ਦੇ ਦਬਾਅ ਕਾਰਨ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਇਸ ਨਾਲ ਸੂਬੇ ਭਰ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਇਸਨੂੰ ਲੋਕਤੰਤਰ ਦਾ ਘਾਣ ਦੱਸ ਰਹੇ ਹਨ। ਸੰਘਰਸ਼ ਕਮੇਟੀ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ 2 ਮਾਰਚ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇੱਕ ਸੂਬਾਈ ਰੈਲੀ ਕੀਤੀ ਜਾਵੇਗੀ । ਇਸ ਵਿਰੋਧ ਪ੍ਰਦਰਸ਼ਨ ਵਿੱਚ ਕੰਪਿਊਟਰ ਅਧਿਆਪਕਾਂ ਦੇ ਨਾਲ-ਨਾਲ ਹੋਰ ਅਧਿਆਪਕ ਜਥੇਬੰਦੀਆਂ, ਕਰਮਚਾਰੀ ਫੈਡਰੇਸ਼ਨ, ਵਿਦਿਆਰਥੀ ਯੂਨੀਅਨਾਂ, ਕਿਸਾਨ ਅਤੇ ਮਜ਼ਦੂਰ ਜਥੇਬੰਦੀਂ ਵੀ ਹਿੱਸਾ ਲੈਣਗੀਆਂ ।