ਪੁਰਾਤਨ ਭੂਤ ਨਾਥ ਮੰਦਿਰ ਦੇ ਸਾਹਮਣੇ ਬਣੇਗੀ ਡਬਲ ਲੇਨ ਸੜਕ

ਪੁਰਾਤਨ ਭੂਤ ਨਾਥ ਮੰਦਿਰ ਦੇ ਸਾਹਮਣੇ ਬਣੇਗੀ ਡਬਲ ਲੇਨ ਸੜਕ
-ਪਟਿਆਲਾ ਵਿਖੇ ਲੱਗੇਗੀ ਡਾ. ਬੀ. ਆਰ. ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ
-ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਏਜੰਡੇ ਦੇ ਬਾਹਰੋਂ ਮਤਾ ਲਿਆ ਕੇ ਨਗਰ ਨਿਗਮ ਦੇ ਜਨਰਲ ਇਜਲਾਸ ’ਚ ਕਰਵਾਇਆ ਪਾਸ
-ਪਟਿਆਲਾ ਸ਼ਹਿਰ ਦੇ ਹਰੇਕ ਵਸਨੀਕ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ : ਅਜੀਤਪਾਲ ਸਿੰਘ ਕੋਹਲੀ
ਪਟਿਆਲਾ, 18 ਫਰਵਰੀ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਏਜੰਡੇ ਤੋਂ ਬਾਹਰੋਂ ਮਤਾ ਲਿਆ ਕੇ ਸਰਬਸੰਮਤੀ ਨਾਲ ਫ਼ੈਸਲਾ ਕਰਵਾਇਆ ਕਿ ਪੁਰਾਤਨ ਭੂਤ ਨਾਥ ਮੰਦਿਰ ਦੇ ਸਾਹਮਣੇ ਡਬਲ ਲੇਨ ਸੜਕ ਬਣਾਈ ਜਾਵੇਗੀ ਅਤੇ ਪਟਿਆਲਾ ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ ਲੱਗੇਗੀ । ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਕੋਲ ਮੰਗਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਨੂੰ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ’ਚ ਪਾਸ ਕਰਵਾ ਦਿੱਤਾ ਗਿਆ ਹੈ ।
ਮੀਟਿੰਗ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੂੰ ਡਾ. ਭੀਮ ਰਾਓ ਅੰਬੇਦਕਰ ਵੈੱਲਫੇਅਰ ਸੁਸਾਇਟੀ ਅਤੇ ਸੁਧਾਰ ਸਭਾ ਪ੍ਰਾਚੀਨ ਮੰਦਰ ਸ੍ਰੀ ਭੂਤਨਾਥ ਜੀ ਵੱਲੋਂ ਰੱਖੀਆਂ ਗਈਆਂ ਮੰਗਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਨੂੰ ਅੱਜ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ । ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਹਰੇਕ ਵਸਨੀਕ ਦੀ ਸਮੱਸਿਆ ਉਨ੍ਹਾਂ ਦੀ ਆਪਣੀ ਸਮੱਸਿਆ ਹੈ ਤੇ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਾਂਬੱਧ ਹੱਲ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ । ਕੋਹਲੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਵੈੱਲਫੇਅਰ ਸੁਸਾਇਟੀ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਦਾ ਨਵ ਨਿਰਮਾਣ ਅਤੇ ਅੰਬੇਦਕਰ ਲਾਇਬਰੇਰੀ, ਕੰਪਿਊਟਰ ਸਿਖਲਾਈ ਸਿੱਖਿਆ ਮਿਡਲ ਸੈਂਟਰ, ਅੰਬੇਦਕਰ ਪਾਰਕ ਦੀ ਸੁੰਦਰਤਾ ਦੇ ਨਾਲ ਬਾਥਰੂਮਾਂ ਦੀ ਮੰਗ ਕੀਤੀ ਗਈ ਸੀ ਅਤੇ ਸੁਧਾਰ ਸਭਾ ਪ੍ਰਾਚੀਨ ਮੰਦਰ ਸ੍ਰੀ ਭੂਤਨਾਥ ਜੀ ਵੱਲੋਂ ਪ੍ਰਾਚੀਨ ਸ੍ਰੀ ਭੂਤਨਾਥ ਜੀ ਤੋਂ ਸਨੌਰ ਰੋਡ ਵਾਲੀ ਸੜਕ ਨੂੰ ਚੌੜਾ ਕਰਨ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ ।
