ਹੜ੍ਹ ਪ੍ਰਭਾਵਤ ਖੇਤਰ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ ਹਰਿਆਣਾ ਦੀ ਸੰਗਤ ਨੇ ਸੌਂਪੀ ਰਾਹਤ ਸਮੱਗਰੀ

ਦੁਆਰਾ: News ਪ੍ਰਕਾਸ਼ਿਤ :Monday, 17 July, 2023, 07:49 PM

ਹੜ੍ਹ ਪ੍ਰਭਾਵਤ ਖੇਤਰ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ ਹਰਿਆਣਾ ਦੀ ਸੰਗਤ ਨੇ ਸੌਂਪੀ ਰਾਹਤ ਸਮੱਗਰੀ
ਮੱਛਰਦਾਨੀਆਂ, ਤਰਪਾਲਾਂ ਅਤੇ ਬੈਟਰੀਆਂ ਲੈ ਕੇ ਪੁੱਜੀ ਹਰਿਆਣਾ ਦੀ ਸੰਗਤ
ਪਟਿਆਲਾ 17 ਜੁਲਾਈ ()
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਣੀ ਦੀ ਮਾਰ ਹੇਠ ਵਾਲੇ ਇਲਾਕਿਆਂ ਵਿਚ ਨਿਰੰਤਰ ਰਾਹਤ ਸਮੱਗਰੀ ਪਹੁੰਚਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਸ਼ੋ੍ਰਮਣੀ ਕਮੇਟੀ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਸੀ ਕਿ ਸਿੱਖ ਸੰਸਥਾਵਾਂ, ਜਥੇਬੰਦੀਆਂ, ਸਭਾਵਾਂ ਅਤੇ ਸੰਗਤ ਇਸ ਰਾਹਤ ਸਮੱਗਰੀ ਵਿਚ ਆਪਣਾ ਯੋਗਦਾਨ ਪਾ ਕੇ ਗੁਰੂ ਸਾਹਿਬ ਦੀ ਕਿਰਪਾ ਦੀ ਪਾਤਰ ਬਣੇ, ਜਿਸ ਦੇ ਚੱਲਦਿਆਂ ਹਰਿਆਣਾ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੂੰ ਹੜ੍ਹ ਪ੍ਰਭਾਵਤ ਖੇਤਰ ਵਿਚ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਸੌਂਪੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਕਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਗੰਗਾ ਜ਼ਿਲ੍ਹਾ ਸਿਰਸਾ ਹਰਿਆਣਾ ਦੀ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਸਵਾ ਲੱਖ ਰੁਪਏ ਦੇ ਕਰੀਬ ਦੀ ਰਾਹਤ ਸਮੱਗਰੀ ਸੌਂਪੀ ਹੈ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ਵਿਚ 200 ਮੱਛਰਦਾਨੀਆਂ, 100 ਤਰਪਾਲਾਂ ਅਤੇ ਬੈਟਰੀਆਂ ਵੀ ਸੌਂਪੀ ਗਈਆ ਹਨ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾਂ ’ਚ ਬਲਜਿੰਦਰ ਸਿੰਘ, ਹਰਬੰਸ ਸਿੰਘ, ਰਣਦੀਪ ਸਿੰਘ, ਰਣਦੀਪ ਸਿੰਘ, ਰੋਹਣ ਗੋਇਲ ਆਦਿ ਸ਼ਾਮਲ ਸਨ। ਇਸ ਮੌਕੇ ਹਰਿਆਣਾ ਦੀ ਸੰਗਤ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਮੈਨੇਜਰ ਕਰਨੈਲ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਆਸ ਪਾਸ ਇਲਾਕਿਆਂ ਵਿਚ ਹੜ੍ਹ ਕਾਰਨ ਆਏ ਪਾਣੀ ਦੀ ਮਾਰ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਆਉਣ ਕਾਰਨ ਲੋਕ ਘਰਾਂ ’ਚ ਫਸੇ ਹਨ, ਬਿਜਲੀ, ਪਾਣੀ ਅਤੇ ਰਾਸ਼ਨ ਦੀ ਘਾਟ ਵੱਡੇ ਪੱਧਰ ’ਤੇ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਫਰਜ਼ਾਂ ਦੀ ਪਹਿਰੇਦਾਰੀ ਕਰ ਰਹੀ ਹੈ, ਉਥੇ ਹੀ ਸੇਵਾ ਪ੍ਰਤੀ ਕਾਰਜਸ਼ੀਲ ਰਹਿਣ ਵਾਲੀਆਂ ਸੰਗਤਾਂ ਇਸ ਦੁੱਖ ਦੀ ਘੜੀ ਵਿਚ ਅੱਗੇ ਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਜਰਨੈਲ ਸਿੰਘ ਮਕਰੌੜ ਸਾਹਿਬ, ਮਨਦੀਪ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਜਸਸ਼ਰਨ ਸਿੰਘ ਮੁਲਤਾਨੀ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਗੁਰਤੇਜ ਸਿੰਘ, ਮਨਿੰਦਰ ਸਿੰਘ, ਮਨਜੀਤ ਸਿੰਘ ਆਦਿ ਸ਼ਾਮਲ ਸਨ।



Scroll to Top