ਸਰਸ ਮੇਲੇ ’ਚ ਐਨ. ਜੈਡ. ਸੀ. ਸੀ. ਦੇ ਕਲਾਕਾਰ ਕਰਵਾ ਰਹੇ ਨੇ ਭਾਰਤ ਦੀ ਮਹਾਨ ਸੰਸਕ੍ਰਿਤੀ ਦੇ ਦਰਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Monday, 17 February, 2025, 03:59 PM

ਸਰਸ ਮੇਲੇ ’ਚ ਐਨ. ਜੈਡ. ਸੀ. ਸੀ. ਦੇ ਕਲਾਕਾਰ ਕਰਵਾ ਰਹੇ ਨੇ ਭਾਰਤ ਦੀ ਮਹਾਨ ਸੰਸਕ੍ਰਿਤੀ ਦੇ ਦਰਸ਼ਨ
-ਰਾਜਸਥਾਨ, ਹਰਿਆਣਾ, ਕਸ਼ਮੀਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਲੋਕ-ਨਾਚ ਤੇ ਲੋਕ ਗੀਤ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਮੇਲੀਆਂ ਦਾ ਕਰ ਰਹੇ ਨੇ ਮਨੋਰੰਜਨ
ਪਟਿਆਲਾ, 17 ਫਰਵਰੀ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਅਗਵਾਈ ਹੇਠ ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ ’ਚ ਜਿੱਥੇ ਹਸਤ ਕਲਾ ਸ਼ਿਲਪਕਾਰੀ ਦੀਆਂ ਸਟਾਲਾਂ ਦੇਖਣਯੋਗ ਹਨ, ਉੱਥੇ ਹੀ ਭਾਰਤ ਦੀ ਮਹਾਨ ਸੰਸਕ੍ਰਿਤੀ ਨੂੰ ਦਰਸਾਉਂਦੇ ਵੱਖ-ਵੱਖ ਖੇਤਰਾਂ ਦੇ ਲੋਕ-ਨਾਚ ਅਤੇ ਲੋਕ- ਧੁਨਾਂ ਨਾਲ ਪਰੋਏ ਲੋਕ-ਗੀਤ ਨਵੀਂ ਪੀੜੀ ਦਾ ਜਿੱਥੇ ਮਨੋਰੰਜਨ ਕਰ ਰਹੇ ਹਨ ਉੱਥੇ ਆਪਣੇ ਅਮੀਰ ਵਿਰਸੇ ਦੀਆਂ ਸਾਂਝਾਂ ਨੂੰ ਹੋਰ ਪਕੇਰਾ ਕਰਦੇ ਨਜ਼ਰ ਆਉਂਦੇ ਹਨ । ਸਭਿਆਚਾਰਕ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਦੀ ਦੀ ਰਹਿਨੁਮਾਈ ਹੇਠ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਮੇਲੀਆਂ ਦਾ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਆਪਣੇ ਲੋਕ ਨਾਚ ਤੇ ਲੋਕ ਗੀਤ ਰਾਹੀਂ ਮਨੋਰੰਜਨ ਕੀਤਾ ਜਾ ਰਿਹਾ ਹੈ । ਮੇਲੇ ਵਿੱਚ ਉੱਤਰ ਭਾਰਤ ਸਭਿਆਚਾਰਕ ਕੇਂਦਰ ਪਟਿਆਲਾ ਤੇ ਪੰਜਾਬ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਵਿਭਾਗ ਦੇ ਸਹਿਯੋਗ ਸਦਕਾ ਰਾਜਸਥਾਨ ਦਾ ਕਾਲਬੇਲੀਆ ਜੋ ਕਿ ਭਰਤਪੁਰ, ਜੈਸਲਮੇਰ ਤੇ ਜੈਪੁਰ ਦੇ ਖੇਤਰਾਂ ਦਾ ਮਸ਼ਹੂਰ ਲੋਕ-ਨਾਚ ਹੈ । ਹਰਿਆਣਾ ਦਾ ਫਾਗ ਅਤੇ ਉੱਤਰ ਪ੍ਰਦੇਸ਼ ਦਾ ਮਾਯੁਰ ਡਾਂਸ, ਝਾਰਖੰਡ ਦਾ ਛਾਉਂ, ਕਸ਼ਮੀਰ ਦਾ ਰੁੱਫ ਅਤੇ ਪੰਜਾਬ ਦੇ ਭੰਗੜਾ, ਲੁੱਡੀ ਅਤੇ ਸੰਮੀ ਲੋਕ-ਨਾਚ ਮੇਲੇ ਵਿੱਚ ਆਏ ਮੇਲੀਆਂ ਨੂੰ ਲੋਕ ਸਾਜਾਂ ਉੱਤੇ ਥਿਰਕਣ ਲਈ ਮਜਬੂਰ ਕਰ ਦਿੰਦੇ ਹਨ । ਇਸ ਮੌਕੇ ਮੰਚ ਸੰਚਾਲਕ ਸੰਜੀਵ ਸ਼ਾਦ ਵੱਲੋਂ ਆਪਣੀ ਸ਼ਾਇਰੀ ਅਤੇ ਲੋਕ-ਨਾਚਾਂ ਦੇ ਪਿਛੋਕੜ ਬਾਰੇ ਮੇਲੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਮੇਲੇ ਦੌਰਾਨ ਉਤਰ ਭਾਰਤੀ ਸਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਅਤੇ ਜ਼ਿਲ੍ਹਾ ਬਾਲ ਵਿਕਾਸ ਅਤੇ ਸੰਭਾਲ ਅਫ਼ਸਰ ਡਾ. ਸ਼ਾਇਨਾ ਕਪੂਰ, ਰੂਪਵੰਤ ਕੌਰ ਅਤੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਮੇਲੀਆਂ ਨੂੰ ਭਾਰਤ ਦੀ ਮਹਾਨ ਸਭਿਆਚਾਰਕ ਵਿਰਾਸਤ ਦੇ ਦਰਸ਼ਨ ਕਰਵਾਏ ਜਾ ਰਹੇ ਹਨ ।