10 ਲੱਖ ਰੁਪਏ ਦੀ ਧੋਖਾਧੜੀ ਕਰਨ ਤੇ ਕੇਸ ਦਰਜ

10 ਲੱਖ ਰੁਪਏ ਦੀ ਧੋਖਾਧੜੀ ਕਰਨ ਤੇ ਕੇਸ ਦਰਜ
ਕਪੂਰਥਲਾ : ਪੰਜਾਬ ਦੇ ਸ਼ਹਿਰ ਕਪੂਰਥਲਾ ਵਿਖੇ ਰਾਜੇਸ਼ ਸ਼ਰਮਾ ਨਾਮ ਦੇ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਕਿਉ਼ਕਿ ਰਾਜੇਸ਼ ਸ਼ਰਮਾ ਨੇ ਜਿਸ ਵਿਅਕਤੀ ਦੇ ਪੋਤਰੇ ਨੂੰ ਅਮਰੀਕਾ ਭੇਜਣ ਲਈ 45 ਲੱਖ ਰੁਪਏ ਲਏ ਸਨ ਨੇ ਵਿਦੇਸ਼ ਨਾ ਭੇਜ ਸਕਣ ਤੇ 35 ਲੱਖ ਤੇ ਕਾਗਜ ਪੱਤਰ ਤਾਂ ਵਾਪਸ ਕਰ ਦਿੱਤੇ ਪਰ ਰਹਿੰਦੇ 10 ਲੱਖ ਰੁਪਏ ਵਾਪਸ ਨਹੀਂ ਕੀਤੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਰਾਜੇਸ਼ ਸ਼ਰਮਾ ਇਕ ਜਿੰਮ ਦਾ ਮਾਲਕ ਵੀ ਹੈ । ਜਾਣਕਾਰੀ ਮੁਤਾਬਕ ਕਪੂਰਥਲਾ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਪੁਲਸ ਨੂੰ ਦਸਿਆ ਕਿ ਜਲੋਖਾਨਾ ਨੇੜੇ ਜਿੰਮ ਚਲਾਉਣ ਵਾਲੇ ਰਾਜੇਸ਼ ਸ਼ਰਮਾ ਨੂੰ ਅਪਣੇ ਦੋਸਤ ਲੱਖਾ ਸਿੰਘ ਦੇ ਪੋਤੇ ਨੂੰ ਅਮਰੀਕਾ ਭੇਜਣ ਲਈ 45 ਲੱਖ ਰੁਪਏ ਦਿਤੇ ਸਨ ਪਰ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਰਾਜੇਸ਼ ਨੇ ਲੱਖਾ ਸਿੰਘ ਦੇ ਪੋਤਰੇ ਨੂੰ ਵਿਦੇਸ਼ ਨਹੀਂ ਭੇਜਿਆ । ਵਾਰ-ਵਾਰ ਮੰਗਣ ’ਤੇ ਉਸ ਨੇ 35 ਲੱਖ ਰੁਪਏ ਅਤੇ ਦਸਤਾਵੇਜ਼ ਵਾਪਸ ਕਰ ਦਿਤੇ ਪਰ ਬਾਕੀ 10 ਲੱਖ ਰੁਪਏ ਅਜੇ ਤਕ ਵਾਪਸ ਨਹੀਂ ਕੀਤੇ। ਉਥੇ ਹੀ ਦੂਜੇ ਪਾਸੇ ਦੋਸ਼ੀ ਰਾਜੇਸ਼ ਸ਼ਰਮਾ ਨੇ ਸਾਰੇ ਦੋਸ਼ਾਂ ਨੂੰ ਝੂਠਾ ਦਸਿਆ ਹੈ । ਦੱਸਣਯੋਗ ਹੈ ਕਿ ਨਿਰਮਲ ਸਿੰਘ ਨੇ ਰਾਜੇਸ਼ ’ਤੇ ਇਸ ਲਈ ਭਰੋਸਾ ਕੀਤਾ ਸੀ ਕਿਉਂਕਿ 7 ਸਾਲ ਪਹਿਲਾਂ ਉਸ ਨੇ ਅਪਣੇ ਪੁੱਤਰ ਨੂੰ ਵੀ ਰਾਜੇਸ਼ ਦੀ ਮਦਦ ਨਾਲ ਵਿਦੇਸ਼ ਭੇਜਿਆ ਸੀ ।ਥਾਣਾ ਭੁਲੱਥ ਵਿਚ ਦਰਜ ਕਰਵਾਈ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।
