ਜਨਵਰੀ-ਮਾਰਚ ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚਾਈ ਜਾਵੇ : ਲਾਲ ਚੰਦ ਕਟਾਰੂਚੱਕ

ਜਨਵਰੀ-ਮਾਰਚ ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚਾਈ ਜਾਵੇ : ਲਾਲ ਚੰਦ ਕਟਾਰੂਚੱਕ
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਵੱਲੋਂ ਕਣਕ ਦਾ ਪੂਰਾ ਵਜ਼ਨ ਅਤੇ ਗੁਣਵੱਤਾ ਯਕੀਨੀ ਬਣਾਉਣ ਦੀ ਹਦਾਇਤ
ਕਣਕ ਦੇ ਆਗਾਮੀ ਖਰੀਦ ਸੀਜ਼ਨ ਸਮੇਂ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਾ ਹੋਵੇ
ਚੰਡੀਗੜ੍ਹ, : ਵਿਭਾਗੀ ਕੰਮ ਕਾਰ ਵਿੱਚ ਹੋਰ ਪਾਰਦਰਸ਼ਿਤਾ ਅਤੇ ਤੇਜ਼ੀ ਲਿਆਉਣ ਲਈ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ, ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਵਿਭਾਗ ਦੇ ਮੁੱਖ ਦਫਤਰ, ਅਨਾਜ ਭਵਨ ਵਿਖੇ ਅਧਿਕਾਰੀਆਂ ਸਮੇਤ ਸਮੂਹ ਡਿਪਟੀ ਡਾਇਰੈਕਟਰ (ਫੀਲਡ) ਅਤੇ ਜਿਲਾ ਕੰਟਰੋਲਰਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ । ਉਨ੍ਹਾਂ ਵੱਲੋਂ ਸਾਰੇ ਫੀਲਡ ਅਧਿਕਾਰੀਆਂ ਨੂੰ ਸਮੇਂ ਸਿਰ ਦਫਤਰ ਵਿਖੇ ਹਾਜ਼ਿਰ ਹੋਣ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹਰ ਰੋਜ ਕੁਝ ਸਮਾਂ ਆਮ ਜਨਤਾ ਨੂੰ ਮਿਲਣ ਲਈ ਨਿਰਧਾਰਿਤ ਕਰਨ ਲਈ ਹਦਾਇਤ ਕੀਤੀ ਗਈ । ਉਨ੍ਹਾਂ ਵਲੋਂ ਇਹ ਨਿਰਦੇਸ਼ ਦਿੱਤੇ ਗਏ ਕਿ ਆਮ ਜਨਤਾ ਨੂੰ ਆ ਰਹੀਆਂ ਦਿੱਕਤਾਂ ਦਾ ਪਹਿਲ ਦੇ ਆਧਾਰ ਉੱਤੇ ਨਿਪਟਾਰਾ ਕੀਤਾ ਜਾਵੇ । ਸਮੂਹ ਡਿਪਟੀ ਡਾਇਰੈਕਟਰਾਂ ਅਤੇ ਜ਼ਿਲਾ ਕੰਟਰੋਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਉਨ੍ਹਾਂ ਦੇ ਅਧੀਨ ਆਉਂਦੇ ਜ਼ਿਲ੍ਹਿਆਂ ਵਿੱਚ ਰਾਸ਼ਨ ਡਿਪੂਆਂ ‘ਤੇ ਚੈਕਿੰਗ ਕਰਨ ਤੋਂ ਇਲਾਵਾ ਲਾਭਪਾਤਰੀਆਂ ਨੂੰ ਕਣਕ ਦੀ ਚੱਲ ਰਹੀ ਵੰਡ ਕਰਨ ਦਾ ਖੁਦ ਜਾਇਜਾ ਲਿਆ ਜਾਵੇ । ਇਨ੍ਹਾਂ ਚੈਕਿੰਗਾਂ ਦੀ ਰਿਪੋਰਟਾਂ ਸਮੇਤ ਵਿਡਿਉਜ਼ ਮੁੱਖ ਦਫਤਰ ਨੂੰ ਭੇਜੇ ਜਾਣ ।
ਮੰਤਰੀ ਵੱਲੋਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਮਹੀਨਾ ਜਨਵਰੀ-ਮਾਰਚ, 2025 ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚਾਈ ਜਾਵੇ। ਰਾਸ਼ਨ ਡਿਪੂਆਂ ਉੱਤੇ ਭੇਜੀ ਜਾਂਦੀ ਕਣਕ ਦਾ ਪੂਰਾ ਵਜ਼ਨ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਪਾਤਰਤਾ ਅਨੁਸਾਰ ਬਣਦੀ ਕਣਕ ਸਹੀ ਮਾਤਰਾ ਅਤੇ ਚੰਗੇ ਮਿਆਰ ਦੀ ਹੋਣਾ ਯਕੀਨੀ ਬਣਾਇਆ ਜਾਵੇ । ਇਸ ਮੰਤਵ ਲਈ ਰਾਸ਼ਨ ਡਿਪੂ ਹੋਲਡਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਈ-ਪੋਜ ਮਸ਼ੀਨਾਂ ਦੇ ਨਾਲ ਭਾਰ ਤੋਲਣ ਵਾਲੇ ਕੰਡਿਆਂ ਦੀ ਇੰਟੀਗਰੇਸ਼ਨ ਕਰਨ ਲਈ ਹਦਾਇਤ ਕੀਤੀ ਗਈ ।
ਇਸ ਦੇ ਨਾਲ ਹੀ ਰਾਸ਼ਨ ਡਿਪੂਆਂ ਨੂੰ ਜਾਰੀ ਕੀਤੀ ਜਾਣ ਵਾਲੀ ਕਣਕ ਦਾ ਕੰਡਾ ਕਰਵਾਉਣ ਉਪਰੰਤ ਕਣਕ ਰਾਸ਼ਨ ਡਿਪੂ ‘ਤੇ ਭੇਜਣ ਲਈ ਨਿਰਦੇਸ਼ ਦਿੱਤੇ ਗਏ । ਉਨ੍ਹਾਂ ਵਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਕਣਕ ਦੀ ਵੰਡ ਸਬੰਧੀ ਕਿਸੇ ਤਰ੍ਹਾਂ ਦੀ ਬੇਨਿਯਾਮੀ ਦੀ ਸ਼ਿਕਾਇਤ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਬੰਧਿਤ ਸਟਾਫ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਮੰਤਰੀ ਜੀ ਵਲੋਂ ਸਮੂਹ ਅਧਿਕਾਰੀਆਂ ਨੂੰ ਅਪ੍ਰੈਲ-2025 ਸ਼ੁਰੂ ਹੋਣ ਵਾਲੇ ਕਣਕ ਦੇ ਖਰੀਦ ਸੀਜਨ ਲਈ ਸਾਰੇ ਲੋੜੀਂਦੇ ਪ੍ਰਬੰਧ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ । ਇਹ ਸਪੱਸ਼ਟ ਕੀਤਾ ਗਿਆ ਕਿ ਕਣਕ ਦੀ ਖਰੀਦ ਸਮੇਂ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਮੰਡੀਆਂ ਵਿੱਚੋਂ ਕਣਕ ਦੀ ਸਮੇਂ ਸਿਰ ਲਿਫਟਿੰਗ ਅਤੇ ਸੁਰੱਖਿਅਤ ਸਟੋਰੇਜ ਲਈ ਵੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ ।
ਵਿਭਾਗ ਵੱਲੋਂ ਚਾਲੂ ਖਰੀਫ ਸੀਜਨ ਦੇ ਬਣਦੇ ਚੌਲਾਂ ਦੀ ਸਮੇਂ ਸਿਰ ਡਿਲਿਵਰੀ ਯਕੀਨੀ ਬਣਾਉਣ ਲਈ ਐਫ. ਸੀ. ਆਈ. ਨੂੰ ਪੇਸ਼ਕਸ਼ ਕੀਤੇ ਗਏ ਕਵਰਡ ਗੁਦਾਮਾਂ ਵਿੱਚ ਮੁੱਖ ਦਫਤਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਤੁਰੰਤ ਚੌਲਾਂ ਦੀ ਸਟੋਰੇਜ ਸ਼ੁਰੂ ਕਰਵਾਉਣ ਲਈ ਹਦਾਇਤ ਵੀ ਕੀਤੀ ਗਈ । ਇਸ ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਵੀ ਮੌਜੂਦ ਸਨ ਅਤੇ ਉਨ੍ਹਾਂ ਵਲੋਂ ਵੀ ਸਮੂਹ ਅਧਿਕਾਰੀਆਂ ਨੂੰ ਸਰਕਾਰ ਵਲੋਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਹਦਾਇਤ ਕੀਤੀ ਗਈ । ਪ੍ਰਮੁੱਖ ਸਕੱਤਰ, ਖੁਰਾਕ ਤੇ ਸਪਲਾਈਜ ਵਲੋਂ ਕਣਕ ਦੀ ਚੱਲ ਰਹੀ ਵੰਡ ਦਾ ਜ਼ਿਲਾ ਵਾਰ ਜਾਇਜਾ ਲਿਆ ਗਿਆ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕਣਕ ਦੀ ਵੰਡ ਦੀ ਪ੍ਰਤੀਸ਼ਤਾ ਘੱਟ ਸੀ ਉਨ੍ਹਾਂ ਜ਼ਿਲਾ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਹਰ ਸੰਭਵ ਉਪਰਾਲਾ ਕਰਨ ਦੀ ਹਦਾਇਤ ਕੀਤੀ ਗਈ ।
