ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 'ਅਲੂਮਨੀ ਲੈਕਚਰ ਸੀਰੀਜ਼'

ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਅਲੂਮਨੀ ਲੈਕਚਰ ਸੀਰੀਜ਼’
-ਪ੍ਰੋ. ਐੱਨ. ਐੱਸ. ਅੱਤਰੀ ਨੇ ਦਿੱਤਾ ਪਹਿਲਾ ਭਾਸ਼ਣ
ਪਟਿਆਲਾ, 20 ਫਰਵਰੀ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਆਪਣੇ ਸਾਬਕਾ ਵਿਦਿਆਰਥੀਆਂ ਦੀ ਭਾਸ਼ਣ ਲੜੀ ‘ਅਲੂਮਨੀ ਲੈਕਚਰ ਸੀਰੀਜ਼’ ਸ਼ੁਰੂ ਕੀਤੀ ਗਈ ਹੈ । ਵਿਭਾਗ ਦੇ ਸਾਬਕਾ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਪ੍ਰੋ. ਐੱਨ. ਐੱਸ. ਅੱਤਰੀ ਨੇ ‘ਮਾਈਕੋਰੀਜ਼ਾ’ ਵਿਸ਼ੇ ‘ਤੇ ਇਸ ਲੜੀ ਦਾ ਪਹਿਲਾ ਭਾਸ਼ਣ ਦਿੱਤਾ । ਉਨ੍ਹਾਂ ਨੇ ਮਾਈਕੋਰੀਜ਼ਾ ਦੀ ਪ੍ਰਕਿਰਤੀ ਅਤੇ ਕਿਸਮਾਂ ਬਾਰੇ ਦੱਸਿਆ । ਉਨ੍ਹਾਂ ਨੇ ਪੌਦਿਆਂ ਦੀ ਸਿਹਤ, ਖਾਸ ਕਰਕੇ ਫਸਲਾਂ ਦੇ ਪੌਦਿਆਂ ਅਤੇ ਰੁੱਖਾਂ ਵਿੱਚ ਮਾਈਕੋਰੀਜ਼ਾ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ । ਵਿਭਾਗ ਮੁਖੀ ਪ੍ਰੋ. ਮਨੀਸ਼ ਕਪੂਰ ਨੇ ਆਪਣੇ ਸਵਾਗਤ ਦੀ ਭਾਸ਼ਣ ਦੌਰਾਨ ਇਸ ਭਾਸ਼ਣ ਲੜੀ ਦੇ ਮਕਸਦ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੇ ਜ਼ਿੰਦਗੀ ਦੇ ਤਜਰਬੇ ਜਿੱਥੇ ਨਵੇਂ ਵਿਦਿਆਰਥੀਆਂ ਦੀ ਅਗਵਾਈ ਵਿੱਚ ਸਹਾਈ ਹੋਣਗੇ ਉਥੇ ਹੀ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਸਕਦੇ ਹਨ । ਡੀਨ ਲੂਮਨੀ ਰਿਲੇਸ਼ਨਜ਼ ਪ੍ਰੋ. ਗੁਰਮੁਖ ਸਿੰਘ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ । ਉਨ੍ਹਾਂ ਇਸ ਮੌਕੇ ਬੋਲਦਿਆਂ ਵਿਭਾਗ ਅਤੇ ਯੂਨੀਵਰਸਿਟੀ ਦੇ ਵਿਕਾਸ ਵਿੱਚ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ । ਇਸ ਮੌਕੇ ਵਿਭਾਗ ਦੇ ਸਾਬਕਾ ਵਿਦਿਆਰਥੀ, ਪ੍ਰੋਫੈਸਰ ਐਮ. ਆਈ. ਐਸ. ਸੱਗੂ ਅਤੇ ਪ੍ਰੋਫੈਸਰ ਜੇ. ਆਈ. ਐਸ. ਖੱਟਰ ਵੀ ਸ਼ਾਮਲ ਹੋਏ ਅਤੇ ‘ਲੈਕਚਰ ਸੀਰੀਜ਼’ ਦੀ ਸ਼ਲਾਘਾ ਕੀਤੀ । ਵਿਦਿਆਰਥੀਆਂ ਨੇ ਚਰਚਾ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ । ਅੰਤ ਵਿੱਚ ਪ੍ਰੋ. ਮੁਨਰੁਚੀ ਕੌਰ ਨੇ ਧੰਨਵਾਦੀ ਸ਼ਬਦ ਬੋਲੇ । ਇਸ ਮੌਕੇ ਪ੍ਰੋ. ਗੀਤਿਕਾ ਸਰਹਿੰਦੀ, ਡਾ. ਅਰਨੀਤ ਗਰੇਵਾਲ, ਡਾ. ਅਵਨੀਤ ਪਾਲ ਸਿੰਘ, ਡਾ. ਹਰਜੀਤ ਕੌਰ, ਡਾ. ਹਿਮਾਨੀ ਪਾਲ ਅਤੇ ਸ਼੍ਰੀਮਤੀ ਪੂਨਮ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ ।
