ਹਰਜੋਤ ਬੈਂਸ ਦੇ ਯਤਨਾਂ ਨੂੰ ਪਿਆ ਬੂਰ; ਸਵਾਂ ਨਦੀ ‘ਤੇ ਅਲਗਰਾਂ ਪੁਲ ਦੀ ਮੁਰੰਮਤ ਲਈ 17.56 ਕਰੋੜ ਰੁਪਏ ਦਾ ਟੈਂਡਰ ਜਾਰੀ

ਹਰਜੋਤ ਬੈਂਸ ਦੇ ਯਤਨਾਂ ਨੂੰ ਪਿਆ ਬੂਰ; ਸਵਾਂ ਨਦੀ ‘ਤੇ ਅਲਗਰਾਂ ਪੁਲ ਦੀ ਮੁਰੰਮਤ ਲਈ 17.56 ਕਰੋੜ ਰੁਪਏ ਦਾ ਟੈਂਡਰ ਜਾਰੀ
ਇਸ ਨਾਲ 100 ਤੋਂ ਵੱਧ ਪਿੰਡਾਂ ਦੇ ਲੋਕਾਂ ਅਤੇ ਅੰਤਰਰਾਜੀ ਰਾਹਗੀਰਾਂ ਨੂੰ ਮਿਲੇਗੀ ਵੱਡੀ ਰਾਹਤ : ਬੈਂਸ
ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਨੇ ਸਵਾਂ ਨਦੀ ਉੱਤੇ ਐਲਗਰਾਂ ਪੁਲ ਦੀ ਮੁਰੰਮਤ ਲਈ 17.56 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ, ਇਹ ਪੁਲ ਰੋਪੜ ਜ਼ਿਲ੍ਹੇ ਦੇ 100 ਤੋਂ ਵੱਧ ਪਿੰਡਾਂ ਨੂੰ ਜੋੜਨ ਦੇ ਨਾਲ ਨਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਰਮਿਆਨ ਇੱਕ ਅਹਿਮ ਲਿੰਕ ਦਾ ਕੰਮ ਵੀ ਕਰਦਾ ਹੈ । ਇਸ ਪੁਲ ਦੀ ਮੁਰੰਮਤ ਲਈ ਹਰਜੋਤ ਸਿੰਘ ਬੈਂਸ ਦੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਇਹ ਟੈਂਡਰ ਇੱਕ ਮਹੱਤਵਪੂਰਨ ਮੀਲ ਪੱਥਰ ਹੈ ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮਹੱਤਵਪੂਰਨ ਪੁਲ ਦੀ ਮੁਰੰਮਤ ਲਈ ਟੈਂਡਰ ਦੀ ਮਿਆਦ ਨੌਂ ਮਹੀਨਿਆਂ ਦੀ ਹੋਵੇਗੀ । ਚਾਹਵਾਨ ਠੇਕੇਦਾਰ ਸੂਬਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਟੈਂਡਰ ਸਬੰਧੀ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ ਅਤੇ 20 ਮਾਰਚ, 2025 ਤੱਕ ਆਪਣੀਆਂ ਬੋਲੀ ਜਮ੍ਹਾਂ ਕਰਵਾ ਸਕਦੇ ਹਨ । ਇਸ ਪੁਲ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ, ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪੁਲ ਨਾ ਸਿਰਫ਼ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਆਵਾਜਾਈ ਦਾ ਇੱਕ ਮਹੱਤਵਪੂਰਨ ਰਸਤਾ ਹੈ, ਬਲਕਿ ਇਹ ਰੋਪੜ ਜ਼ਿਲ੍ਹੇ ਨੂੰ ਹੁਸ਼ਿਆਰਪੁਰ ਨਾਲ ਜੋੜਨ ਦੇ ਨਾਲ ਨਾਲ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਮੁੱਖ ਰਸਤਾ ਵੀ ਹੈ । ਇਸ ਤੋਂ ਇਲਾਵਾ, ਇਹ ਪ੍ਰਾਜੈਕਟ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ ਅਤਿ ਲੋੜੀਂਦੀ ਰਾਹਤ ਪ੍ਰਦਾਨ ਕਰੇਗਾ, ਜਿਨ੍ਹਾਂ ਨੂੰ ਪੁਲ ਦੀ ਖ਼ਸਤਾ ਹਾਲਤ ਕਾਰਨ ਲੰਬੇ ਸਮੇਂ ਤੋਂ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਪੁਲ ਦੀ ਮੁਰੰਮਤ ਨਾਲ ਉਨ੍ਹਾਂ ਬਦਲਵੇਂ ਰੂਟਾਂ ‘ਤੇ ਬੋਝ ਵੀ ਘਟੇਗਾ, ਜਿਹਨਾਂ ਦੀ ਵਰਤੋਂ ਇਸ ਪੁਲ ਦੀ ਖ਼ਸਤਾ ਹਾਲਤ ਕਾਰਨ ਵਧ ਗਈ ਸੀ, ਜਿਸ ਨਾਲ ਖੇਤਰ ਦੇ ਸਮੁੱਚੇ ਸੰਪਰਕ ਅਤੇ ਸੁਰੱਖਿਆ ਵਿੱਚ ਸੁਧਾਰ ਹੋਵੇਗਾ । ਕੈਬਨਿਟ ਮੰਤਰੀ ਨੇ ਕਿਹਾ ਕਿ ਟੈਂਡਰ ਜਾਰੀ ਹੋਣ ਨਾਲ ਇਸ ਪੁਲ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਲੋਕਾਂ ਵਿੱਚ ਬਿਹਤਰ ਸੜਕੀ ਬੁਨਿਆਦੀ ਢਾਂਚੇ ਅਤੇ ਇਲਾਕੇ ਦੇ ਸਮਾਜਿਕ-ਆਰਥਿਕ ਵਿਕਾਸ ਦੀ ਉਮੀਦ ਜਾਗੀ ਹੈ ।
