ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੀ ਮੀਟਿੰਗ ਵਿੱਚ ਜ਼ੋਰਦਾਰ ਢੰਗ ਨਾਲ ਉਠਾਏ ਮਸਲੇ

ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦੀ ਮੀਟਿੰਗ ਵਿੱਚ ਜ਼ੋਰਦਾਰ ਢੰਗ ਨਾਲ ਉਠਾਏ ਮਸਲੇ
ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਬੀਤੀ ਸ਼ਾਮ ਇੱਥੇ ਨਗਰ ਨਿਗਮ ਦਫ਼ਤਰ ਵਿਖੇ ਪਟਿਆਲਾ ਸ਼ਹਿਰ ਦੇ ਵਿਕਾਸ ਦਾ ਜਾਇਜ਼ਾ ਲੈਣ ਪੁੱਜੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨਾਲ ਮੀਟਿੰਗ ਮੌਕੇ ਸ਼ਹਿਰ ਸਬੰਧੀ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ । ਇਨ੍ਹਾਂ ਮੁੱਦਿਆਂ ਬਾਰੇ ਡਾ. ਰਵਜੋਤ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ । ਮੀਟਿੰਗ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਤੇ ਡਿਪਟੀ ਮੇਅਰ ਜਗਦੀਪ ਜੱਗਾ ਸਮੇਤ ਕਮਿਸ਼ਨਰ ਡਾ. ਰਜਤ ਉਬਰਾਏ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ । ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਨੇ ਛੋਟੀ ਨਦੀ ਤੇ ਵੱਡੀ ਨਦੀ ਉਪਰ ਕੀਤੇ ਗਏ ਕੰਮ ਦੀ ਜਾਂਚ ਦੀ ਮੰਗ ਕੀਤੀ ਕਿ ਇਹ ਕੰਮ ਕਿੰਨੇ ਕਰੋੜ ਰੁਪਏ ਦਾ ਹੋਇਆ ਹੈ ਤੇ ਇਹ ਅਜੇ ਤੱਕ ਪੂਰਾ ਕਿਉਂ ਨਹੀਂ ਹੋਇਆ । ਛੋਟੀ ਨਦੀ ਵਿੱਚ ਸੀਵਰ ਲਾਈਨ ਬਲਾਕ ਹੋਈ ਹੈ ਤੇ ਬਿਸ਼ਨ ਨਗਰ ਵਿਖੇ ਬਣਾਇਆ ਪੁਲ ਬਹੁਤ ਉਚਾ ਬਣਾਇਆ ਹੈ ਜੋ ਕਿਸੇ ਕੰਮ ਦਾ ਨਹੀਂ ਹੈ, ਜਦੋਂ ਕਿ ਦੋਵੇਂ ਨਦੀਆਂ ਦੇ ਕੰਢਿਆਂ ਉਪਰ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾ ਦਿੱਤੇ ਗਏ ਹਨ, ਇਨ੍ਹਾਂ ਨੂੰ ਅਜੇ ਤੱਕ ਪੱਧਰਾ ਨਹੀਂ ਕੀਤਾ ਗਿਆ । ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਇਸ ਕੰਮ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ, ਇਸ ਉਪਰ ਮੰਤਰੀ ਡਾ. ਰਵਜੋਤ ਸਿੰਘ ਨੇ ਅਫ਼ਸਰਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਤੇ ਕਿਹਾ ਕਿ ਇਸ ਤੋਂ ਬਾਅਦ ਜੇ ਕੰਮ ਨਾ ਹੋਇਆ ਤਾਂ ਇਨ੍ਹਾਂ ਨੂੰ ਘਰਾਂ ਨੂੰ ਤੋਰਿਆ ਜਾਵੇਗਾ ।
ਹਰਿੰਦਰ ਕੋਹਲੀ ਨੇ ਹੋਰ ਕਿਹਾ ਕਿ ਉਨ੍ਹਾਂ ਨੇ ਸਟਰੀਟ ਲਾਈਟਾਂ ਦਾ ਠੇਕਾ ਛੋਟਾ ਕਰਕੇ ਇੱਕ ਦੀ ਥਾਂ ਕਈ ਠੇਕੇਦਾਰਾਂ ਨੂੰ ਦਿਤਾ ਜਾਵੇ ਤਾਂ ਕਿ ਸਟਰੀਟ ਲਾਈਟਾਂ ਦਾ ਕੰਮ ਸਹੀ ਢੰਗ ਨਾਲ ਕਰਵਾਇਆ ਜਾਵੇ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸ਼ਹਿਰ ਵਿੱਚ ਨਗਰ ਨਿਗਮ ਦੀ ਆਮਦਨ ਵਧਾਉਣ ਲਈ ਐਡਵਰਟਾਈਸਮੈਂਟ ਸਬੰਧੀ ਵੀ ਮੁੱਦਾ ਉਠਾਇਆ ਕਿ ਸ਼ਹਿਰ ਵਿਚ ਬਿਜਲੀ ਦੇ 4000 ਖੰਭਿਆਂ ਦੀ ਥਾਂ ਕੇਵਲ 700 ਖੰਭੇ ਹੀ ਠੇਕੇ ਉਪਰ ਕਿਊਂ ਦਿੱਤੇ ਗਏ ਤੇ 110 ਯੂਨੀਪੋਲ ਹੀ ਕੰਪਨੀ ਨੂੰ ਕਿਉਂ ਦਿਤੇ, ਜਦੋਂ ਕਿ ਨਿਗਮ ਕੋਲ 130 ਤੋਂ ਜਿਆਦਾ ਯੂਨੀਪੋਲ ਉਪਲਬਧ ਹਨ । ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਵਿੱਚ 15-15 ਸਫ਼ਾਈ ਕਰਮਚਾਰੀਆਂ ਦੀ ਹਰੇਕ ਵਾਰਡਾਂ ਵਿੱਚ ਡਿਊਟੀ ਲਗਾਉਣ ਸਮੇਤ ਨਿਗਮ ਦੀ ਸਾਰੀ ਮਸ਼ੀਨੀਰੀ ਦੀ ਜਾਣਕਾਰੀ ਮੰਗੀ ਤਾਂ ਕਿ ਇਸ ਦੀ ਸਦਵਰਤੋਂ ਕੀਤੀ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਨੇ ਮਥੁਰਾ ਕਲੋਨੀ ਵਿਖੇ 20 ਐਮ. ਐਲ. ਡੀ. ਦਾ ਐਸ. ਟੀ. ਪੀ. ਲਗਾਉਣਾ ਸੀ ਉਹ ਅਜੇ ਤੱਕ ਕਿਉਂ ਨਹੀਂ ਲਗਾਇਆ ਗਿਆ, ਜਿਸ ਕਰਕੇ ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਜੁਝਾਰ ਨਗਰ, ਤਫੱਜ਼ਲਪੁਰਾ, ਐਸ.ਐਸਟੀ ਨਗਰ , ਬਿਸ਼ਨ ਨਗਰ ਆਦਿ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸਾਰੇ ਮੁੱਦਿਆਂ ਉਪਰ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ।
