ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭਵਾਨੀਗੜ੍ਹ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦਾ ਸੱਦਾ

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭਵਾਨੀਗੜ੍ਹ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦਾ ਸੱਦਾ
ਵਿਸ਼ਵਕਰਮਾ ਸਕੀਮ ਅਤੇ ਪੀ.ਐਮ ਆਵਾਸ ਯੋਜਨਾ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਉਣ ਲਈ ਉੱਦਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ
ਭਵਾਨੀਗੜ੍ਹ ਵਿਖੇ 61 ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਵਿਕਾਸ ਕੰਮਾਂ ਬਾਰੇ ਸਮੀਖਿਆ
ਪਿੰਡਾਂ ਵਿਚੋਂ ਨਸ਼ੇ ਦਾ ਖਾਤਮਾ ਕਰਨ ਲਈ ਸਰਪੰਚਾਂ ਨੂੰ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਆ
ਭਵਾਨੀਗੜ੍ਹ /ਸੰਗਰੂਰ, 14 ਫਰਵਰੀ : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਭਵਾਨੀਗੜ੍ਹ ਵਿਖੇ ਬੀ. ਡੀ. ਪੀ. ਓ. ਦਫਤਰ ਵਿੱਚ ਹਲਕਾ ਸੰਗਰੂਰ ਅਧੀਨ ਆਉਂਦੇ 61 ਪਿੰਡਾਂ ਦੇ ਨਵੇਂ ਬਣੇ ਸਰਪੰਚਾਂ ਨਾਲ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡਾਂ ਵਿੱਚ ਬਕਾਇਆ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚੜਾਉਣ ਲਈ ਸਰਗਰਮ ਰਹਿਣ ਦਾ ਸੱਦਾ ਦਿੱਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਜਮੀਨੀ ਪੱਧਰ ਉੱਤੇ ਪਹੁੰਚਾਉਣ ਲਈ ਗ੍ਰਾਮ ਪੰਚਾਇਤਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ਉਹਨਾਂ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪੀ. ਐਮ. ਵਿਸ਼ਵਕਰਮਾ ਸਕੀਮ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦਾਂ ਨੂੰ ਬਣਦੇ ਲਾਭ ਮੁਹਈਆ ਕਰਵਾਉਣ ਵਿੱਚ ਸਰਗਰਮ ਯੋਗਦਾਨ ਪਾਉਣ ।
ਉਹਨਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗ੍ਰਾਮ ਪੰਚਾਇਤ ਨੂੰ ਸੂਬੇ ਦੀਆਂ ਅਤੇ ਕੇਂਦਰੀ ਸਰਕਾਰੀ ਸਕੀਮਾਂ ਬਾਰੇ ਸਮੇਂ ਸਮੇਂ ਤੇ ਜਾਗਰੂਕ ਕਰਦੇ ਰਹਿਣ ਤਾਂ ਜੋ ਹਲਕਾ ਵਾਸੀ ਕਿਸੇ ਵੀ ਸਹੂਲਤ ਤੋਂ ਵਾਂਝੇ ਨਾ ਰਹਿਣ । ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮੂਹ ਸਰਪੰਚਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਪੰਚਾਇਤੀ ਕੰਮ ਕਾਜ ਦੌਰਾਨ ਸਰਕਾਰੀ ਪੱਧਰ ਉੱਤੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਤੁਰੰਤ ਇਸ ਬਾਰੇ ਬੀ. ਡੀ. ਪੀ. ਓ. ਸੰਗਰੂਰ ਤੇ ਭਵਾਨੀਗੜ੍ਹ ਨੂੰ ਜਾਣੂ ਕਰਵਾਉਣ ਅਤੇ ਜੇਕਰ ਫਿਰ ਵੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਪ੍ਰਸ਼ਾਸਨਿਕ ਸੇਵਾਵਾਂ ਦੇਣ ਵਿੱਚ ਕੋਈ ਖੜੋਤ ਨਾ ਆ ਸਕੇ । ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸਰਪੰਚਾਂ ਨੂੰ ਗ੍ਰਾਮ ਪੰਚਾਇਤਾਂ ਦੇ ਕੰਮਕਾਜ ਬਾਰੇ ਕੁਝ ਨੁਕਤਿਆਂ ਤੋਂ ਵੀ ਜਾਣੂ ਕਰਵਾਇਆ ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮੂਹ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਵਿੱਚ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ । ਉਹਨਾਂ ਕਿਹਾ ਕਿ ਜੇਕਰ ਕਿਸੇ ਪਿੰਡ ਵਿੱਚ ਕੋਈ ਵਿਅਕਤੀ ਨਸ਼ਿਆਂ ਦਾ ਸੇਵਨ ਕਰਦਾ ਹੈ ਤਾਂ ਉਸ ਦਾ ਉਚਿਤ ਇਲਾਜ ਕਰਵਾਉਣ ਲਈ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਦੇ ਮਾੜੇ ਧੰਦੇ ਵਿੱਚ ਜੁਟਿਆ ਹੋਇਆ ਹੈ ਤਾਂ ਉਸ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਜਾਵੇ ।
