ਸੀ. ਬੀ. ਆਈ. ਨੇ ਕੀਤੀ ਦਿੱਲੀ ਐਨ. ਸੀ. ਆਰ. ਤੇੇ ਹਿਸਾਰ ਵਿਚ 11 ਥਾਵਾਂ ਤੇ ਛਾਪੇਮਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 15 February, 2025, 01:35 PM

ਸੀ. ਬੀ. ਆਈ. ਨੇ ਕੀਤੀ ਦਿੱਲੀ ਐਨ. ਸੀ. ਆਰ. ਤੇੇ ਹਿਸਾਰ ਵਿਚ 11 ਥਾਵਾਂ ਤੇ ਛਾਪੇਮਾਰੀ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਐਨ. ਸੀ. ਆਰ. ਅਤੇ ਹਰਿਆਣਾ ਦੇ ਹਿਸਾਰ ਵਿਚ ਬੀਤੇ ਦਿਨੀਂ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੇ ਸਾਈਬਰ ਅਪਰਾਧ ਨਾਲ ਸਬੰਧਤ ਇਕ ਚੱਲ ਰਹੇ ਮਾਮਲੇ ਦੀ ਜਾਂਚ ਤਹਿਤ 11 ਥਾਵਾਂ `ਤੇ ਛਾਪੇਮਾਰੀ ਕਰਕੇ ਤਲਾਸ਼ੀ ਲਈ ।ਦੱਸਣਯੋਗ ਹੈ ਕਿ ਉਕਤ ਕਾਰਵਾਈ ਆਰਸੀ 14/2023 ਦੇ ਤਹਿਤ ਕੀਤੀ ਗਈ ਸੀ, ਜੋ ਕਿ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 120ਬੀ ਅਤੇ 420 ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਡੀ ਦੇ ਤਹਿਤ ਦਰਜ ਕੀਤੀ ਗਈ ਸੀ ।
ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੇ ਇਕ ਸੰਗਠਤ ਸਾਜਿ਼ਸ਼ ਰਚੀ ਸੀ, ਜਿਸ ਵਿਚ ਉਹ ਸਰਕਾਰੀ ਅਧਿਕਾਰੀ ਬਣ ਕੇ ਲੋਕਾਂ ਨਾਲ ਧੋਖਾ ਕਰ ਰਹੇ ਸਨ। ਉਹ ਕੰਪਿਊਟਰ ਸਰੋਤਾਂ ਅਤੇ ਕ੍ਰਿਪਟੋ ਡਿਵਾਈਸਾਂ ਦੀ ਵਰਤੋਂ ਕਰਕੇ ਕ੍ਰਿਪਟੋ ਕਰੰਸੀ ਨਾਲ ਸਬੰਧਤ ਧੋਖਾਧੜੀ ਕਰ ਰਹੇ ਸਨ । ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਭਾਰਤ ਅਤੇ ਵਿਦੇਸ਼ਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਜਾਅਲੀ ਤਕਨੀਕੀ ਸਹਾਇਤਾ ਸਲਾਹ-ਮਸ਼ਵਰੇ ਦਾ ਲਾਲਚ ਦੇ ਕੇ ਠੱਗਦੇ ਸਨ । ਪੀੜਤਾਂ ਨੂੰ ਅਪਣੇ ਪੈਸੇ ਕ੍ਰਿਪਟੋ ਕਰੰਸੀ ਦੇ ਰੂਪ ਵਿਚ ਟ੍ਰਾਂਸਫ਼ਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਨੂੰ ਫਿਰ ਕਈ ਕ੍ਰਿਪਟੋ ਵਾਲਿਟਾਂ ਰਾਹੀਂ ਟ੍ਰਾਂਸਫ਼ਰ ਕਰ ਕੇ ਨਕਦੀ ਵਿਚ ਬਦਲ ਦਿਤਾ ਜਾਂਦਾ ਸੀ ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਸੀ. ਬੀ. ਆਈ. ਪਹਿਲਾਂ ਹੀ ਤਿੰਨ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ ਕਰ ਚੁਕੀ ਹੈ । ਉਨ੍ਹਾਂ ਵਿਰੁਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120, 420 ਅਤੇ 384 ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 66 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਛਾਪੇਮਾਰੀ ਦੌਰਾਨ ਸੀ. ਬੀ. ਆਈ. ਨੂੰ ਇਸ ਮਾਮਲੇ ਨਾਲ ਸਬੰਧਤ ਕਈ ਮਹੱਤਵਪੂਰਨ ਡਿਜੀਟਲ ਸਬੂਤ ਮਿਲੇ ਹਨ । ਤਲਾਸ਼ੀ ਦੌਰਾਨ ਛੇ ਲੈਪਟਾਪ, ਅੱਠ ਮੋਬਾਈਲ ਫ਼ੋਨ ਅਤੇ ਇਕ ਆਈਪੈਡ ਜ਼ਬਤ ਕੀਤਾ ਗਿਆ । ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਵੀ. ਓ. ਆਈ. ਪੀ. ਆਧਾਰਤ ਕਾਲਿੰਗ ਸਾਫ਼ਟਵੇਅਰ ਦੀ ਵਰਤੋਂ ਕਰ ਰਹੇ ਸਨ ਅਤੇ ਉਨ੍ਹਾਂ ਦੀ ਡਾਰਕਨੈੱਟ ਤਕ ਪਹੁੰਚ ਸੀ । ਇਸ ਤੋਂ ਇਲਾਵਾ ਸੀ. ਬੀ. ਆਈ. ਨੇ ਛਾਪੇਮਾਰੀ ਦੌਰਾਨ 1.08 ਕਰੋੜ ਰੁਪਏ ਨਕਦੀ, 1,000 ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਅਤੇ 252 ਗ੍ਰਾਮ ਸੋਨਾ ਵੀ ਬਰਾਮਦ ਕੀਤਾ । ਸੀ. ਬੀ. ਆਈ. ਪੂਰੇ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਇਸ ਸਾਈਬਰ ਧੋਖਾਧੜੀ ਗਿਰੋਹ ਵਿਚ ਹੋਰ ਕੌਣ-ਕੌਣ ਸ਼ਾਮਲ ਹੈ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਹੁਣ ਤਕ ਕਿੰਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਕਿੰਨਾ ਪੈਸਾ ਗ਼ੈਰ-ਕਾਨੂੰਨੀ ਢੰਗ ਨਾਲ ਕਮਾਇਆ ਹੈ । ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ ਛੇਤੀ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ ।