ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਖੇਤੀ ਸੰਕਟ ਅਤੇ ਐਮ. ਐਸ. ਪੀ. ਦੇ ਸਵਾਲ ਉੱਪਰ ਕਰਵਾਇਆ ਸੈਮੀਨਾਰ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਖੇਤੀ ਸੰਕਟ ਅਤੇ ਐਮ. ਐਸ. ਪੀ. ਦੇ ਸਵਾਲ ਉੱਪਰ ਕਰਵਾਇਆ ਸੈਮੀਨਾਰ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ. ਐਸ. ਯੂ. ਵੱਲੋਂ ‘ਖੇਤੀ ਸੰਕਟ ਅਤੇ ਮਨੁੱਖੀ ਭੋਜਨ ਉੱਪਰ ਕਾਰਪੋਰੇਟ ਦੇ ਹਮਲੇ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ । ਇਸ ਪ੍ਰੋਗਰਾਮ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਰਮਿੰਦਰ ਸਿੰਘ ਪਟਿਆਲਾ, ਖੇਤੀ ਅਰਥ-ਸ਼ਾਸਤਰ ਦੇ ਮਾਹਿਰ ਡਾ.ਗਿਆਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੀ. ਐਸ. ਯੂ. ਦੇ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਨੇ ਸ਼ਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਵੱਖ-ਵੱਖ ਵਿਸ਼ਿਆਂ ਤੇ ਹਮਲਾ ਕਰ ਰਹੀ ਹੈ । ਖੇਤੀ ਅਤੇ ਸਿੱਖਿਆ ਵਰਗੇ ਅਹਿਮ ਖੇਤਰਾਂ ਤੇ ਸਾਰੀਆਂ ਸ਼ਕਤੀਆਂ ਕੇਂਦਰ ਆਪਣੇ ਹੱਥ ਹੇਠ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਰਗੇ ਅਧਾਰਿਆਂ ਵਿੱਚ ਸਮਾਜ ਦੇ ਚਲੰਤ ਵਿਸ਼ਿਆਂ ਤੇ ਸੰਵਾਦ ਰਚਾਉਣਾ ਬਹੁਤ ਅਹਿਮ ਹੈ । ਡਾ. ਗਿਆਨ ਸਿੰਘ ਨੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ, ਐਮ. ਐਸ. ਪੀ. ,ਬਦਲਵੇਂ ਖੇਤੀ ਮਾਡਲ ਅਤੇ ਸਹਿਕਾਰੀ ਖੇਤੀ ਬਾਰੇ ਗੱਲ ਕੀਤੀ । ਬਲਵੀਰ ਸਿੰਘ ਰਾਜੇਵਾਲ ਏ. ਪੀ. ਐਮ. ਸੀ. ਮੰਡੀਆਂ ਦੀ ਮਹੱਤਤਾ ਅਤੇ ਫਸਲੀ ਵਿਭਿੰਨਤਾ ਦੇ ਵਿਸ਼ੇ ਉੱਪਰ ਗੱਲ ਰੱਖੀ । ਉਨਾਂ ਨੇ ਨਾਲ ਹੀ ਕਿਹਾ ਕਿ ਪਾਣੀਆਂ ਦੇ ਮਸਲੇ ਤੇ ਲੜਨਾ ਬਹੁਤ ਜਰੂਰੀ ਹੈ । ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਅੰਤਰਰਾਸ਼ਟਰੀ ਪੱਧਰ ਉੱਪਰ ਭਾਰਤ ਦੀਆਂ ਸੰਦੀਆਂ ਜਿਵੇਂ ਗੈਟਸ, ਵਿਸ਼ਵ ਵਪਾਰ ਸੰਸਥਾ ਵਿੱਚ ਭਾਰਤ ਦੀਆਂ ਸੰਧੀਆਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਉਨਾਂ ਦੱਸਿਆ ਕਿ ਐਮ. ਐਸ. ਪੀ. ਦੇ C2+50% ਅਤੇ A2+FL ਦੇ ਫਾਰਮੂਲੇ ਕੀ ਹਨ । ਉਨਾਂ ਦੱਸਿਆ ਕਿ ਐਮ. ਐਸ. ਪੀ. ਦੀ ਲੜਾਈ ਪੂਰੇ ਭਾਰਤ ਪੱਧਰ ਦੀ ਲੜਾਈ ਹੈ, ਜਿਸ ਨੂੰ ਇਕੱਠਿਆ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ । ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਦਾਸ ਸਿੰਘ ਨੇ ਨਿਭਾਈ ਅਤੇ ਧੰਨਵਾਦੀ ਸ਼ਬਦ ਜਸ਼ਨਪ੍ਰੀਤ ਸਿੰਘ ਨੇ ਕਹੇ । ਅਖੀਰ ਵਿੱਚ ਮੁੱਖ ਬੁਲਾਰਿਆਂ ਦਾ ਸਨਮਾਨ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੀਤਾ ਗਿਆ ।
