ਕਿਸਾਨਾਂ ਵੱਲੋਂ ਵਿਆਹਾਂ ਦੇ ਕਾਰਡਾਂ ਤੇ ਡੱਲੇਵਾਲ ਦੀ ਫ਼ੋਟੋ ਲਗਾਨੀ ਕੀਤੀ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Friday, 07 February, 2025, 10:52 AM

ਕਿਸਾਨਾਂ ਵੱਲੋਂ ਵਿਆਹਾਂ ਦੇ ਕਾਰਡਾਂ ਤੇ ਡੱਲੇਵਾਲ ਦੀ ਫ਼ੋਟੋ ਲਗਾਨੀ ਕੀਤੀ ਸ਼ੁਰੂ
ਹੁਣ ਡੱਲੇਵਾਲ ਬਣੇ ਕਿਸਾਨਾਂ ਦਾ ਆਈਕੋਨ
ਢਾਬੀ ਗੁੱਜਰਾਂ, ਪਟਿਆਲਾ : ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 74ਵੇਂ ਦਿਨ ‘ਚ ਦਾਖਲ ਹੋ ਗਿਆ ਹੈ । ਕਿਸਾਨ ਆਗੂ ਡੱਲੇਵਾਲ ਹੁਣ ਕਿਸਾਨਾਂ ਦਾ ਆਈਕੋਨ ਬਣ ਰਹੇ ਹਨ।ਕਿਸਾਨਾਂ ਨੇ ਵਿਆਹ ਵਾਲੇ ਕਾਰਡਾਂ ‘ਤੇ ਕਿਸਾਨ ਆਗੂ ਡੱਲੇਵਾਲ ਦੀ ਫੋਟੋ ਲਾਉਣੀ ਸ਼ੁਰੂ ਕਰ ਦਿੱਤੀ ਹੈ । ਹਰਿਆਣਾ ਦੇ ਕੈਥਲ ਦੇ ਇੱਕ ਕਿਸਾਨ ਨੇ ਆਪਣੇ ਵਿਆਹ ਦੇ ਕਾਰਡ ‘ਤੇ ਡੱਲਵਾਲ ਦੀ ਫੋਟੋ ਲਗਾਈ ਹੈ ਜਿਸ ਦੀ ਚਰਚਾ ਹਰਿਆਣਾ ਦੇ ਨਾਲ ਨਾਲ ਪੰਜਾਬ ਵਿੱਚ ਵੀ ਹੋ ਰਹੀ ਹੈ । ਕੈਥਲ ਦੇ ਰਹਿਣ ਵਾਲੇ ਵਿਕਰਮ ਦਾ 16 ਫਰਵਰੀ ਨੂੰ ਵਿਆਹ ਹੋ ਰਿਹਾ ਹੈ । ਉਸ ਨੇ ਆਪਣੇ ਵਿਆਹ ਦੇ ਕਾਰਡ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਫੋਟੋ ਛਾਪੀ ਹੈ । ਉਸ ਨੇ ਮੋਰਚੇ ‘ਤੇ ਪਹੁੰਚ ਕੇ ਖੁਦ ਡੱਲੇਵਾਲ ਨੂੰ ਇਹ ਕਾਰਡ ਦਿੱਤਾ ਅਤੇ ਵਿਆਹ ‘ਤੇ ਬੁਲਾਇਆ । ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਵਿਕਰਮ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। 13 ਫਰਵਰੀ ਤੋਂ ਲਗਾਤਾਰ ਮੋਰਚੇ ‘ਤੇ ਆ ਰਹੇ ਹਨ । ਪਿਛਲੇ ਸਾਲ ਪੁਲਸ ਨਾਲ ਝੜਪ ਦੌਰਾਨ ਉਸ ਦੇ ਪਿੰਡ ਦੇ ਕਿਸਾਨਾਂ ਦੇ ਟਰੈਕਟਰ ਵੀ ਤੋੜ ਦਿੱਤੇ ਗਏ ਸਨ ਪਰ ਉਸਨੇ ਕਦੇ ਹਾਰ ਨਹੀਂ ਮੰਨੀ । ਇਸ ਦੇ ਨਾਲ ਹੀ ਹਰਿਆਣੇ ਤੋਂ ਕਿਸਾਨ ਆਪਣੇ ਖੇਤਾਂ ਅਤੇ ਹੁਣ ਗੰਗਾ ਦਾ ਪਾਣੀ ਲੈ ਕੇ ਅੱਗੇ ਪਹੁੰਚ ਰਹੇ ਹਨ । ਕਿਸਾਨਾਂ ਦਾ ਮੰਨਣਾ ਹੈ ਕਿ ਇਸ ਨੂੰ ਪੀਣ ਨਾਲ ਡੱਲੇਵਾਲ ਦੇ ਸਰੀਰ ਨੂੰ ਤਾਕਤ ਮਿਲੇਗੀ । ਹੁਣ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ 14 ਫਰਵਰੀ ਨੂੰ ਤੈਅ ਕੀਤੀ ਗਈ ਹੈ । ਅਗਲੇ ਸ਼ੁੱਕਰਵਾਰ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੀਟਿੰਗ ਹੈ ।