74ਵੇਂ ਦਿਨ 'ਚ ਪੁਜਾ ਜਗਜੀਤ ਡਲੇਵਾਲ ਦਾ ਮਰਨ ਵਰਤ : 11, 12 ਤੇ 13 ਫਰਵਰੀ ਨੂੰ ਹੋਣਗੀਆਂ ਮਹਾ ਪੰਚਾਇਤਾਂ

74ਵੇਂ ਦਿਨ ‘ਚ ਪੁਜਾ ਜਗਜੀਤ ਡਲੇਵਾਲ ਦਾ ਮਰਨ ਵਰਤ : 11, 12 ਤੇ 13 ਫਰਵਰੀ ਨੂੰ ਹੋਣਗੀਆਂ ਮਹਾ ਪੰਚਾਇਤਾਂ
– ਡਲੇਵਾਲ ਨੇ ਵੀਡਿਓ ਜਾਰੀ ਕਰ ਮਹਾ ਪੰਚਾਇਤਾਂ ‘ਚ ਪੁੱਜਣ ਦੀ ਕੀਤੀ ਅਪੀਲ
– ਹਰਿਆਣਾ ਤੋਂ ਕਿਸਾਨਾਂ ਦਾ ਵੱਡਾ ਜਥਾ ਪੁੱਜਾ ਖਨੌਰੀ
ਪਟਿਆਲਾ : ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਜਿਥੇ 74ਵੇਂ ਦਿਨ ਵੀ ਜਾਰੀ ਰਿਹਾ, ਉਥੇ ਉਨ੍ਹਾਂ ਆਪਣਾ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਮੂਹ ਕਿਸਾਨਾਂ ਨੂੰ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉੱਪਰ, 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆਂ ਮਹਾਂਪੰਚਾਇਤਾਂ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ।
ਅੱਜ ਹਰਿਆਣਾ ਤੋਂ ਕਿਸਾਨਾਂ ਦਾ ਦੂਜਾ ਜੱਥਾ ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਆਪਣੇ ਖੇਤਾਂ ਵਿੱਚੋਂ ਪਾਣੀ ਲੈ ਕੇ ਪਹੁੰਚਿਆ । ਅੱਜ ਬਿੰਜੌਲ, ਤਾਹਰਪੁਰ, ਕੱਕਦੋੜ, ਤੀਤਰਮ, ਕੁਰਾੜ, ਉਮਰਾ, ਦੇਪਲ, ਖਰੜ ਅਲੀਪੁਰ, ਢੰਢੇਰੀ, ਖੋਖਾ, ਗੁਹਨਾ, ਸੋਗੜ੍ਹੀ, ਫੁੱਲਾਂ, ਰਤੀਆ, ਢਾਣੀ ਬਦਨਪੁਰ, ਢਾਣੀ ਦਾਦੂਪੁਰ, ਅਮਰਗੜ੍ਹ, ਹੁਕਮਾਂਵਾਲੀ, ਮਾਲੇਵਾਲਾ, ਮਹਿਮੜਾ, ਲਠੈਰਾ, ਲਾਮਬਾ, ਕਮਾਨਾ, ਚਿਮੋ, ਗੜੀ ਭਲੌਰ, ਧਨੌਰੀ, ਅਮਰਗੜ੍ਹ, ਫਾਕਲ, ਨੇਪੇਵਾਲਾ, ਹਰਸੌਲਾ, ਖੇੜੀ ਚੌਪਟਾ, ਛਾਤਰ, ਸਿੰਘਨਾਲ, ਅਹਰਵਾ, ਹਡੌਲੀ, ਅਜੀਤਨਗਰ, ਪਿਲਚੀਆਂ, ਲਘੂਵਾਸ, ਬ੍ਰਾਹਮਣਵਾਲਾ, ਰੋਜ਼ਾਂਵਾਲੀ, ਭੈਣੀ ਖੇੜਾ, ਲੱਕੜਵਾਲੀ, ਜੰਡਵਾਲਾ, ਸੁਖਚੈਨ, ਕਸਾਨ, ਹਮੀਰਗੜ੍ਹ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਕਿਸਾਨ ਮੋਰਚੇ ਉੱਪਰ ਪੁੱਜੇ । ਅੱਜ ਦੋ ਪਿੰਡਾਂ ਦੇ ਨੌਜਵਾਨ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਕਿਸਾਨ ਮੋਰਚੇ ਵਿੱਚ ਪੁੱਜੇ । ਕਿਸਾਨ ਆਗੂਆਂ ਨੇ ਕਿਹਾ ਕਿ 8 ਅਤੇ 10 ਫਰਵਰੀ ਨੂੰ ਕਿਸਾਨਾਂ ਦਾ ਅਗਲਾ ਜੱਥਾ ਹਰਿਆਣਾ ਤੋਂ ਆਵੇਗਾ ਅਤੇ 12 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ‘ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨਾਂ ਨੂੰ ਹੋਣ ਵਾਲੀ ਮਹਾਂਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ।
ਦਿੱਲੀ ਅੰਦੋਲਨ-2, ਸ਼ੰਭੂ ਬਾਡਰ ਮੋਰਚੇ ‘ਤੇ ਕਿਸਾਨਾਂ ਮਜਦੂਰਾਂ ਨੇ ਦੀ ਆਮਦ ਜਾਰੀ : ਕੀਤੀ ਨਾਅਰੇਬਾਜ਼ੀ
– ਮਾਨ ਸਰਕਾਰ ਜਮੀਨਾਂ ਤੇ ਹਮਲੇ ਕਰਨ ਤੋਂ ਬਾਜ਼ ਆਵੇ : ਡਿਪੋਰਟ ਕੀਤੇ ਭਾਰਤੀਆਂ ਤੇ ਮੋਦੀ ਸਰਕਾਰ ਦੀ ਚੁੱਪੀ ਸ਼ਰਮਨਾਕ
ਪਟਿਆਲਾ : ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਦਿੱਲੀ ਅੰਦੋਲਨ 2 ਨੂੰ ਇੱਕ ਹਫ਼ਤੇ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਸ਼ੰਭੂ ਬਾਰਡਰ ਮੋਰਚੇ ‘ਤੇ ਲਗਾਤਾਰ ਕਿਸਾਨਾਂ ਮਜਦੂਰਾਂ ਦੀ ਆਮਦ ਜਿਥੇ ਵਧੀ, ਉੱਥੇ ਉਨ੍ਹਾ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਵੀ ਕੀਤੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਕੋਆਡੀਨੇਟਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੀ 13 ਫਰਵਰੀ ਤੋਂ ਦਿੱਲੀ ਕੂਚ ਨਾਲ ਸ਼ੁਰੂ ਹੋਏ ਕੇਂਦਰ ਸਰਕਾਰ ਤੋਂ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਓਣ ਸਬੰਧੀ ਅੰਦੋਲਨ 3 ਬਾਡਰਾਂ ‘ਤੇ ਜਾਰੀ ਹਨ ਅਤੇ ਸਾਰੇ ਥਾਵਾਂ ਤੇ, ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਸਾਲਾਨਾ ਇੱਕਠ ਕੀਤੇ ਜਾ ਰਹੇ ਹਨ, ਜਿਸ ਲਈ ਸ਼ੰਭੂ ਬਾਰਡਰ ਮੋਰਚੇ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ । ਉਹਨਾਂ ਕਿਹਾ ਕਿ ਸਰਕਾਰ ਨਾਲ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੀਟਿੰਗ ਵਿੱਚ ਕੋਈ ਠੋਸ ਪ੍ਰਸਤਾਵ ਲੈ ਕੇ ਆਵੇ ਜਿਸ ਨਾਲ ਕਿਸਾਨਾਂ ਮਜਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿੱਚ ਸਹਾਇਤਾ ਮਿਲੇ ਹਾਲਾਂਕਿ ਜ਼ੋ ਉਦਾਸੀਨ ਰਵਈਆ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਖੇਤੀਬਾੜੀ ਸੈਕਟਰ ਸਬੰਧੀ ਦਿਖਾਇਆ ਗਿਆ ਹੈ, ਉਸ ਤੋਂ ਕੋਈ ਬਹੁਤੀ ਉਮੀਦ ਦੀ ਕਿਰਨ ਦਿਖਾਈ ਨਹੀਂ ਦਿੰਦੀ ।
ਉਹਨਾਂ ਕਿਹਾ ਕਿ ਸ਼ੰਭੂ ਮੋਰਚੇ ਤੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀ ਆਮਦ ਵਧ ਰਹੀ ਹੈ ਅਤੇ ਜਥੇਬੰਦੀਆਂ ਇਸ ਗੱਲ ਲਈ ਵਚਨਬੱਧ ਹਨ ਕਿ ਮੰਗਾਂ ਦੇ ਸਾਰਥਕ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਨੌਜਵਾਨਾਂ ਵਾਲਾ ਘਟਨਾਕਰਮ ਵਾਪਰਿਆ ਹੈ ਉਸ ਲਈ ਅਮਰੀਕਨ ਸਰਕਾਰ ਦੇ ਨਾਲ ਨਾਲ ਭਾਰਤ ਅਤੇ ਪੰਜਾਬ ਸਰਕਾਰ ਦੀ ਵੱਡੇ ਦੋਸ਼ੀ ਹਨ ਕਿਉਕਿ ਦੇਸ਼ ਦੀ ਸਰਕਾਰ ਨੇ ਅਜਿਹੀਆਂ ਨੀਤੀਆਂ ਬਣਾਈਆਂ ਹਨ, ਜਿਸ ਨਾਲ ਦੇਸ਼ ਵਿੱਚ ਨੌਜਵਾਨ ਨੂੰ ਰੁਜ਼ਗਾਰ, ਨੌਕਰੀ, ਖੇਤੀ ਸੈਕਟਰ ਜਾਂ ਹੋਰ ਕਿਸੇ ਵੀ ਤਰੀਕੇ ਦੀ ਕਮਾਈ ਦਾ ਕੋਈ ਵਸੀਲਾ ਦਿਖਾਈ ਨਹੀਂ ਦਿੰਦਾ, ਜਿਸ ਦੇ ਚਲਦੇ ਉਸ ਨੂੰ ਨਾ ਚਾਹੁੰਦੇ ਹੋਏ ਵੀ ਜਾਨ ਖਤਰੇ ਵਿੱਚ ਪਾ ਕੇ ਵਿਦੇਸ਼ ਵੱਲ ਮੂੰਹ ਕਰਨਾ ਪੈ ਰਿਹਾ ਹੈ ।
ਉਨਾਂ ਕੇਂਦਰ, ਪੰਜਾਬ ਅਤੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਗਈ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਮਾਲੀ ਸਹਾਇਤਾ ਦੇ ਨਾਲ-ਨਾਲ ਜੀਵਨ ਗੁਜਰ ਬਸਰ ਕਰਨ ਲਈ ਨੌਕਰੀਆਂ ਵੀ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਹੋਏ ਭਾਰੇ ਨੁਕਸਾਨ ਦੀ ਕੁਝ ਭਰਪਾਈ ਕੀਤੀ ਜਾ ਸਕੇ ।
13 ਦੇ ਪ੍ਰੋਗਰਾਮ ਨੂੰ ਲੈ ਕੇ ਬਾਰਡਰ ‘ਤੇ ਚਲਾਈ ਸਫਾਈ ਮੁਹਿੰਮ
ਇਸ ਮੌਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ 13 ਦੇ ਪ੍ਰੋਗਰਾਮ ਦੀ ਤਿਆਰੀ ਕਰਦਿਆਂ ਪੂਰੇ ਜ਼ੋਰ ਸ਼ੋਰ ਨਾਲ ਸਫਾਈ ਮੁਹਿੰਮ ਚਲਾਈ ਗਈ, ਜਿਸ ਵਿੱਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਵਲੰਟੀਅਰ ਤੌਰ ਤੇ ਹਿੱਸਾ ਲਿਆ। ਅੰਤ ਵਿੱਚ ਉਹਨਾਂ ਨੇ ਪੰਜਾਬ ਹਰਿਆਣਾ ਸਮੇਤ ਉੱਤਰ ਭਾਰਤ ਦੇ ਸਾਰੇ ਰਾਜਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ 13 ਫਰਵਰੀ ਵਾਲੇ ਦਿਨ ਸ਼ੰਭੂ ਬਾਰਡਰ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਕੰਵਰ ਦਲੀਪ ਸੈਦੋਲੇਹਲ, ਬਲਦੇਵ ਸਿੰਘ ਬੱਗਾ, ਜਰਮਨਜੀਤ ਸਿੰਘ ਬੰਡਾਲਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਦਿਲਬਾਗ ਸਿੰਘ ਗਿੱਲ, ਹਰਪ੍ਰੀਤ ਸਿੰਘ ਬਹਿਰਾਮਕੇ ਤੋਂ ਇਲਾਵਾ ਸੈਂਕੜੇ ਕਿਸਾਨ, ਮਜ਼ਦੂਰ ਹਾਜ਼ਰ ਰਹੇ ।
