ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ ਵਿਸ਼ੇ ‘ਤੇ ਗੋਸ਼ਟੀ ਦੀ ਸ਼ੁਰੂਆਤ

ਦੁਆਰਾ: Punjab Bani ਪ੍ਰਕਾਸ਼ਿਤ :Friday, 14 February, 2025, 10:40 AM

ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ ਵਿਸ਼ੇ ‘ਤੇ ਗੋਸ਼ਟੀ ਦੀ ਸ਼ੁਰੂਆਤ
ਪੰਜਾਬੀ ਮਸ਼ੀਨੀ ਬੁੱਧੀਮਾਨਤਾ ਦੀ ਹਰ ਚੁਣੌਤੀ ਸਵੀਕਾਰ ਕਰਨ ਦੇ ਸਮਰੱਥ- ਡਾ. ਜਸਵੰਤ ਸਿੰਘ ਜ਼ਫ਼ਰ
ਪਟਿਆਲਾ : ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਕਰਵਾਈ ਜਾਣ ਵਾਲੀ ਦੋ ਦਿਨਾਂ ਗੋਸ਼ਟੀ ਅੱਜ ਭਾਸ਼ਾ ਭਵਨ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਸ਼ੁਰੂ ਹੋ ਗਈ ਹੈ, ਜਿਸ ਦੌਰਾਨ ਉਦਘਾਟਨੀ ਸੈਸ਼ਨ ਦੌਰਾਨ ‘ਸਾਖ਼ਰਤਾ ਤੋਂ ਵਿਸਤ੍ਰਿਤ ਭਾਸ਼ਾਈ ਮਾਡਲ ਤੱਕ’ ਵਿਸ਼ੇ ’ਤੇ ਵੱਖ-ਵੱਖ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ । ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਸਵਾਗਤ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਸਾਡੇ ਪੁਰਖਿਆਂ ਨੇ ਅੱਖਰ ਦਿੱਤੇ ਤੇ ਉਨ੍ਹਾਂ ਅੱਖਰਾਂ ਨੂੰ ਲੜੀ ’ਚ ਪਰੋ ਕੇ ਅਸੀਂ ਕਿਤਾਬਾਂ ਲਿਖੀਆਂ ਅਤੇ ਛਾਪੇਖਾਨੇ ਤੱਕ ਪੁੱਜੇ । ਇਸ ਤੋਂ ਬਾਅਦ ਅਸੀਂ ਕੰਪਿਊਟਰ ਦੇ ਯੁੱਗ ’ਚ ਪ੍ਰਵੇਸ਼ ਕੀਤਾ ਅਤੇ ਹੁਣ ਮਸ਼ੀਨੀ ਬੁੱਧੀਮਨਾਤਾ ਦੇ ਦੌਰ ’ਚ ਆ ਗਏ ਹਾਂ । ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਚੁਣੌਤੀ ਹੈ ਪਰ ਪੰਜਾਬੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ । ਦੁਆ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਮਸ਼ੀਨੀ ਬੁੱਧੀਮਾਨਤਾ ਦੀ ਹਰ ਚੁਣੌਤੀ ਨੂੰ ਸਵੀਕਾਰ ਕਰਕੇ, ਇਸ ਖੇਤਰ ’ਚ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ ।
ਆਪਣੇ ਕੁੰਜੀਵਤ ਭਾਸ਼ਣ ਦੌਰਾਨ ਅਮਰਜੀਤ ਸਿੰਘ ਗਰੇਵਾਲ ਨੇ ਤਿੰਨ ਨੁਕਤਿਆਂ ’ਤੇ ਚਰਚਾ ਕੀਤੀ । ਉਨ੍ਹਾਂ ਕਿਹਾ ਸਾਡੀ ਪਹਿਲੀ ਸਿੰਗਲੈਰਿਟੀ (ਭਾਵਨਾ) ਸ਼ਬਦ, ਐਟਮ, ਬ੍ਰਹਿਮੰਡ ਦੀ ਉਤਪਤੀ ਤੇ ਜੀਨ, ਦੂਸਰੀ ਸਿੰਗਲੈਰਿਟੀ ਜੀਵਨ ਦੀ ਉਤਪਤੀ ਅਤੇ ਤੀਸਰੀ ਸਿੰਗਲੈਰਿਟੀ ਸ਼ਬਦ ਤੇ ਸ਼ਬਦ ਤੋਂ ਭਾਸ਼ਾ ਬਣੀ । ਉਨ੍ਹਾਂ ਕਿਹਾ ਕਿ ਸ਼ਬਦ ਦੀ ਉਤਪਤੀ ਨਾਲ ਹੀ ਮਨੁੱਖੀ ਚੇਤਨਾ ਦਾ ਅਗਾਜ਼ ਹੋਇਆ। ਉਨ੍ਹਾਂ ਕਿਹਾ ਕਿ ਹਮੇਸ਼ਾ ਮਨੁੱਖ ਨੂੰ ਤਕਨੀਕ ਦਾ ਡਰ ਰਹਿੰਦਾ ਹੈ ਪਰ ਇਸ ਤੋਂ ਡਰਨ ਦੀ ਲੋੜ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਹੱਥਾਂ ਦਾ ਕੰਮਾਂ ਭਾਵੇਂ ਮਸ਼ੀਨਾ ਨੇ ਲੈ ਲਿਆ ਪਰ ਬੰਦੇ ਕੋਲ ਦਿਮਾਗ ਹੈ। ਜੇ ਮਸ਼ੀਨੀ ਬੁੱਧੀਮਾਨਤਾ ਨੇ ਦਿਮਾਗ ਦਾ ਕੰਮ ਦਾ ਲੈ ਲਿਆ ਤਾਂ ਸਾਨੂੰ ਹੋਰ ਵਿਕਲਪ ਪੈਦਾ ਕਰਨੇ ਪੈਣਗੇ । ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਨੂੰ ਹਊਆਂ ਨਾ ਬਣਾਇਆ ਜਾਵੇ। ਹੋਰਨਾਂ ਤਕਨੀਕਾਂ ਵਾਂਗ ਸਾਨੂੰ ਇਹ ਵਰਤਣੀ ਪਵੇਗੀ । ਇਹ ਇੱਕ ਟੂਲ ਹੈ। ਹਰੇਕ ਤਕਨੀਕ ਤੋਂ ਖਦਸ਼ੇ ਅਤੇ ਮਸਲੇ ਹੁੰਦੇ ਹਨ। ਸਾਨੂੰ ਇਸ ਨੂੰ ਸਕਾਰਤਮਕ ਤੌਰ ’ਤੇ ਲੈਣਾ ਚਾਹੀਦਾ ਹੈ । ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਮਨੁੱਖ ਕੋਲ ਅਨੁਭਵ ਹੈ ਜੋ ਮਸ਼ੀਨਾਂ ਕੋਲ ਨਹੀਂ ਹੁੰਦਾ ਹੈ ਇਸ ਕਰਕੇ ਹੀ ਮਨੁੱਖ ਸਭ ਤੋਂ ਵੱਖਰਾ ਹੈ । ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਨਾਲ ਸਿਰਜਣਾ ਦੀਆਂ ਸੰਭਾਵਨਾਵਾਂ ਵਧਦੀਆਂ ਹਨ । ਇਸ ਸ਼ੈਸ਼ਨ ਦਾ ਮੰਚ ਸੰਚਾਲਨ ਗੁਰਮੇਲ ਸਿੰਘ ਵੱਲੋਂ ਕੀਤਾ ਗਿਆ ।
ਇਸ ਉਪਰੰਤ ਪਹਿਲੇ ਸੈਸ਼ਨ ਦਾ ਸੰਚਾਲਨ ਡਾ. ਅਮਰਜੀਤ ਸਿੰਘ ਨੇ ਕੀਤਾ । ਇਸ ਸ਼ੈਸ਼ਨ ਦੌਰਾਨ ਡਾ. ਰਾਜਵਿੰਦਰ ਸਿੰਘ, ਡਾ. ਸੀ.ਪੀ, ਕੰਬੋਜ, ਡਾ. ਜਸਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਸੈਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਭਾਸ਼ਾਈ ਪ੍ਰਕਿਰਿਆ ਵਿੱਚ ਨਵੀਆਂ ਤਕਨੀਕੀ ਪਹਿਲਕਦਮੀਆਂ’ ਵਿਸ਼ੇ ਤੇ ਪਰਚੇ ਪੜ੍ਹੇ ਗਏ। ਦੂਸਰੇ ਸੈਸ਼ਨ ਦਾ ਵਿਸ਼ਾ ‘ਮਸ਼ੀਨੀ ਬੁੱਧੀਮਾਨਤਾ ਦੇ ਭਾਸ਼ਾਈ ਮਾਡਲਾਂ ਦੀ ਨੈਤਕਿਤਾ ਦਾ ਮਸਲਾ’ ਤੇ ਅਧਾਰਿਤ ਸੀ। ਜਿਸ ਦਾ ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸੰਚਾਲਨ ਕੀਤਾ। ਇਸ ਵਿਸ਼ੇ ’ਤੇ ਪ੍ਰੋ. ਪਰਮਜੀਤ ਸਿੰਘ ਢੀਂਗਰਾ ਸਾਬਕਾ ਡਾਇਰੈਕਟਰ ਰੀਜ਼ਨਲ ਸੈਂਟਰ ਮੁਕਤਸਰ, ਡਾ. ਦਵਿੰਦਰ ਸਿੰਘ ਖਾਲਸਾ ਕਾਲਜ ਪਟਿਆਲਾ ਤੇ ਪ੍ਰੋ. ਯੋਗਰਾਜ ਨੇ ਮੁੱਖ ਬੁਲਾਰਿਆ ਵਜੋਂ ਨਿੱਠ ਕੇ ਚਰਚਾ ਕੀਤੀ। ਪਹਿਲੇ ਦਿਨ ਦਾ ਆਖਰੀ ਤੇ ਤੀਸਰਾ ਸੈਸ਼ਨ ‘ਮਨੁੱਖ ਅਤੇ ਮਸ਼ੀਨੀ ਬੁੱਧੀਮਾਨਤਾ ਦਰਿਮਆਨ ਭਾਸ਼ਾਈ ਸੰਯੋਗ’ ਵਿਸ਼ੇ ਤੇ ਅਧਾਰਿਤ ਸੀ, ਜਿਸ ਦੌਰਾਨ ਡਾ. ਗੁਰਦੇਵ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾ. ਜੋਗਾ ਸਿੰਘ ਪਟਿਆਲਾ ਨੇ ਗੰਭੀਰ ਵਿਚਾਰ ਚਰਚਾ ਕੀਤੀ। ਇਸ ਸ਼ੈਸ਼ਨ ਦਾ ਸੰਚਾਲਨ ਡਾ. ਤੇਜਿੰਦਰ ਸਿੰਘ ਖਾਲਸਾ ਕਾਲਜ ਚੰਡੀਗੜ੍ਹ ਵੱਲੋਂ ਕੀਤਾ ਗਿਆ ।