ਜਿ਼ਲਾ ਕਚਹਿਰੀਆਂ ਵਿਖੇ ਨਿਹੰਗ ਸਿੰਘ ਨੇ ਕੀਤੀ ਕੇਸ ਦੀ ਸੁਣਵਾਈ ਕਰ ਰਹੀ ਮਹਿਲਾ ਜੱਜ ਤੇ ਹਮਲੇ ਦੀ ਕੋਸਿ਼ਸ਼

ਜਿ਼ਲਾ ਕਚਹਿਰੀਆਂ ਵਿਖੇ ਨਿਹੰਗ ਸਿੰਘ ਨੇ ਕੀਤੀ ਕੇਸ ਦੀ ਸੁਣਵਾਈ ਕਰ ਰਹੀ ਮਹਿਲਾ ਜੱਜ ਤੇ ਹਮਲੇ ਦੀ ਕੋਸਿ਼ਸ਼
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਮਾਲ ਰੋਡ ਤੇ ਬਣੀਆਂ ਜਿ਼ਲਾ ਕਚਹਿਰੀਆਂ ਵਿਖੇ ਅੱਜ ਇਕ ਨਿਹੰਗ ਸਿੰਘ ਵਲੋਂ ਕੋਰਟ ਕੇਸ ਦੀ ਸੁਣਵਾਈ ਕਰ ਰਹੀ ਮਹਿਲਾ ਜੱਜ ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ ਤਾਂ ਉਥੇ ਮੌਜੂਦ ਕੋਰਟ ਸਟਾਫ ਦੀ ਮੁਸਤੈਦੀ ਨਾਲ ਹਮਲਾਵਰ ਦੇ ਹਮਲੇ ਨੂੰ ਰੋਕ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ 1 ਸਤਨਾਮ ਸਿੰਘ ਨੇ ਦੱਸਿਆ ਕਿ ਹਮਲਾਵਰ ਨਿਹੰਗ ਸਿੰਘ ਦਾ ਨਾਮ ਗੁਰਪਾਲ ਸਿੰਘ ਹੈ ਤੇ ਹਮਲਾਵਰ ਜੱਜ ਤੋਂ ਸਿਰਫ਼ ਕੁਝ ਹੀ ਦੂਰੀ `ਤੇ ਸੀ ਪਰ ਕੋਰਟ ਸਟਾਫ਼ ਦੀ ਤਤਪਰਤਾ ਨੇ ਇੱਕ ਵੱਡੀ ਘਟਨਾ ਨੂੰ ਹੋਣ ਤੋਂ ਰੋਕਦਿਆਂ ਤੁਰੰਤ ਨਿਹੰਗ ਸਿੰਘ ਨੂੰ ਫੜ ਲਿਆ, ਜਿਸ ਤੇ ਅਦਾਲਤ ਕੰਪਲੈਕਸ ਵਿੱਚ ਹਫ਼ੜਾ-ਦਫ਼ੜੀ ਮਚ ਗਈ । ਘਟਨਾ ਦੀ ਜਾਣਕਾਰੀ ਮਿਲਣ `ਤੇ ਲਾਹੌਰੀ ਗੇਟ ਥਾਣੇ ਦੀ ਪੁਲਸ ਟੀਮ ਮੌਕੇ `ਤੇ ਪਹੁੰਚੀ ਅਤੇ ਆਰੋਪੀ ਨਿਹੰਗ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ । ਡੀ. ਐਸ. ਪੀ.ਸਿਟੀ-1 ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪਾਲ `ਤੇ ਪੁਲਸ ਵੱਲੋਂ ਧਾਰਾ 109, 132, 201 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ `ਤੇ ਕਾਰਵਾਈ ਜਾਰੀ ਹੈ ਤੇ ਇਸਦੇ ਨਾਲ ਹੀ ਕੋਰਟ ਦੀ ਸੁਰੱਖਿਆ `ਤੇ ਮੌਜੂਦ ਅਧਿਕਾਰੀ `ਤੇ ਵੀ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਬਿਨਾਂ ਜਾਂਚ-ਪੜਤਾਲ ਕੀਤੇ ਨਿਹੰਗ ਨੂੰ ਅੰਦਰ ਜਾਣ ਦਿੱਤਾ, ਨਾ ਹੀ ਪੁੱਛਿਆ ਕਿ ਉਸ ਦੀ ਕੋਈ ਪੇਸ਼ੀ ਸੀ ਜਾਂ ਨਹੀਂ । ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਐਸ. ਐਸ. ਪੀ. ਪਟਿਆਲਾ ਅਤੇ ਐਸ. ਪੀ. ਪਟਿਆਲਾ ਮੌਕੇ `ਤੇ ਪਹੁੰਚ ਗਏ ਸਨ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਡੀ. ਐਸ. ਪੀ. ਸਿਟੀ ਵੱਲੋਂ ਵੀ ਦੁਬਾਰਾ ਕੋਰਟ ਦੀ ਸੁਰੱਖਿਆ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ।
