ਐਸ. ਵਾਈ. ਐਲ. ਦਾ ਛੇਤੀ ਹੀ ਨਿਬੇੜਾ ਕਰ ਲਿਆ ਜਾਵੇਗਾ : ਕੇਂਦਰੀ ਜਲ ਸ਼ਕਤੀ ਮੰਤਰੀ

ਐਸ. ਵਾਈ. ਐਲ. ਦਾ ਛੇਤੀ ਹੀ ਨਿਬੇੜਾ ਕਰ ਲਿਆ ਜਾਵੇਗਾ : ਕੇਂਦਰੀ ਜਲ ਸ਼ਕਤੀ ਮੰਤਰੀ
ਨਵੀਂ ਦਿੱਲੀ : ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਪੰਜਾਬ ਤੇ ਹਰਿਆਣਾ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਸਤਲੁਜ ਯਮੁਨਾ ਲਿੰਕ ਨਹਿਰ (ਐਸ. ਵਾਈ. ਐਲ.) ਸਬੰਧੀ ਚੱਲੇ ਆ ਰਹੇ ਵਿਵਾਦ ਨੂੰ ਲੈ ਕੇ ਕਿਹਾ ਕਿ ਐਸ. ਵਾਈ. ਐਲ. ਦਾ ਮੁੱਦਾ ਸੂਬਿਆਂ ਦਾ ਵਿਸ਼ਾ ਹੈ ਪਰ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਦੋਵੇਂ ਸੂਬਿਆਂ ਵਲੋਂ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਸਦਾ ਜਲਦੀ ਹੀ ਨਿਬੇੜਾ ਕਰ ਲਿਆ ਜਾਵੇਗਾ । ਦਿੱਲੀ ਵਿਧਾਨ ਸਭਾ ਚੋਣਾਂ ’ਚ ਵੱਡਾ ਮੁੱਦਾ ਬਣੇ ਯਮੁਨਾ ਦੇ ਪਾਣੀ ਦੇ ਦੂਸ਼ਿਤ ਹੋਣ ਬਾਰੇ ਪਾਟਿਲ ਨੇ ਕਿਹਾ ਕਿ ਯਮੁਨਾ ਦਾ ਪਾਣੀ ਸਾਫ਼ ਹੈ, ਜਿਸ ਨੂੰ ਮੈਂ 16 ਸਾਲ ਤੋਂ ਪੀ ਰਿਹਾ ਹਾਂ ਅਤੇ ਜਿਊਂਦਾ ਹਾਂ, ਜੇਕਰ ਯਮੁਨਾ ਵਿਚ ਜ਼ਹਿਰ ਹੁੰਦਾ ਤਾਂ ਮੈਂ ਤੁਹਾਡੇ ਵਿਚਾਲੇ ਨਾ ਹੁੰਦਾ । ਉਨ੍ਹਾਂ ਕਿਹਾ ਕਿ ਯਮੁਨਾ ਵਿਚ 90 ਫ਼ੀਸਦੀ ਗੰਦਗੀ ਦਿੱਲੀ ਤੋਂ ਫੈਲਾਈ ਜਾ ਰਹੀ ਹੈ ਪਰ ਹੁਣ ਦਿੱਲੀ ਵਿਚ ਭਾਜਪਾ ਦੀ ਸਰਕਾਰ ਆ ਗਈ ਹੈ । ਭਾਜਪਾ ਸਰਕਾਰ ਵਲੋਂ ਗੰਗਾ ਨਦੀ ਵਾਂਗ ਯਮੁਨਾ ਨੂੰ ਵੀ ਸਾਫ਼ ਕਰ ਦਿਤਾ ਜਾਵੇਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਪਹਿਲਾਂ ਵੀ ਨਾਜਾਇਜ਼ ਤੌਰ ’ਤੇ ਉੱਥੇ ਰਹਿ ਰਹੇ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ ਰਿਹਾ ਹੈ ਪਰ ਭਾਰਤੀ ਨੌਜਵਾਨਾਂ ਨੂੰ ਹੱਥਕੜੀ ਲਗਾ ਕੇ ਡਿਪੋਰਟ ਕੀਤਾ ਜਾਣਾ ਬਹੁਤ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੇ ਵਿਦੇਸ਼ ਦੌਰੇ ਦੌਰਾਨ ਇਸ ਬਾਰੇ ਗੱਲਬਾਤ ਕੀਤੀ ਜਾਵੇਗੀ । ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕ ਸਭਾ ਵਿਚ ਕੇਂਦਰੀ ਵਿਦੇਸ਼ ਮੰਤਰੀ ਸਾਰੀ ਸਥਿਤੀ ਸਪੱਸ਼ਟ ਕਰ ਚੁੱਕੇ ਹਨ, ਜੇਕਰ ਲੋੜ ਪਈ ਤਾਂ ਮੁੜ ਤੋਂ ਕੌਮਾਂਤਰੀ ਪੱਧਰ ’ਤੇ ਇਸ ਬਾਰੇ ਗੱਲਬਾਤ ਕੀਤੀ ਜਾਵੇਗੀ । ਪਾਟਿਲ ਨੇ ਕਿਹਾ ਕਿ ਦੇਸ਼ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸਾਰਿਆਂ ਨੂੰ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ’ਚ 150 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਜੋ ਕਿ ਡਾਰਕ ਜ਼ੋਨ ਵਿਚ ਜਾ ਚੁੱਕੇ ਹਨ । ਇਨ੍ਹਾਂ ਜ਼ਿਲ੍ਹਿਆਂ ਵਿਚ ਮੀਂਹ ਦੇ ਪਾਣੀ ਨੂੰ ਧਰਤੀ ਹੇਠਾਂ ਭੇਜਣ ਲਈ ਯੋਜਨਾ ਤਿਆਰ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਵਿੱਚ ਮੀਂਹ ਦੇ ਪਾਣੀ ਨੂੂੰ ਧਰਤੀ ਹੇਠਾਂ ਸਹੀ ਢੰਗ ਨਾਲ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ ।
