ਰੈਪਿਡ ਐਕਸ਼ਨ ਫੋਰਸ ਨੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਡਰ-ਮੁਕਤ ਤੇ ਮਜ਼ਬੂਤ ਸੁਰੱਖਿਤ ਮਾਹੌਲ ਦਾ ਭਰੋਸਾ ਦੇਣ ਲਈ ਫਲੈਗ ਮਾਰਚ ਕੱਢਿਆ

ਰੈਪਿਡ ਐਕਸ਼ਨ ਫੋਰਸ ਨੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਡਰ-ਮੁਕਤ ਤੇ ਮਜ਼ਬੂਤ ਸੁਰੱਖਿਤ ਮਾਹੌਲ ਦਾ ਭਰੋਸਾ ਦੇਣ ਲਈ ਫਲੈਗ ਮਾਰਚ ਕੱਢਿਆ
ਪਟਿਆਲਾ, 14 ਅਕਤੂਬਰ:
ਅੱਜ ਪਟਿਆਲਾ ਸ਼ਹਿਰ ਵਿੱਚ ਆਪਣੀ ਤੀਜੇ ਦਿਨ ਦੀ ਠਾਹਰ ਦੌਰਾਨ ਰੈਪਿਡ ਐਕਸ਼ਨ ਫੋਰਸ ਦੀ ਬਟਾਲੀਅਨ ਏ/194 ਨੇ ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਦੀ ਅਗਵਾਈ ਹੇਠ ਜਾਣ-ਪਛਾਣ ਅਭਿਆਸ ਦੇ ਹਿੱਸੇ ਵਜੋਂ, ਥਾਣਾ ਲਾਹੌਰੀ ਗੇਟ ਅਤੇ ਥਾਣਾ ਸਿਵਲ ਲਾਈਨ ਦੇ ਸਟੇਸ਼ਨ ਇੰਚਾਰਜ ਨਾਲ ਮੁਲਾਕਾਤ ਕੀਤੀ ਤੇ ਵੱਖ-ਵੱਖ ਜਰੂਰੀ ਜਾਣਕਾਰੀਆਂ ਪ੍ਰਾਪਤ ਕੀਤੀਆਂ।ਰੈਪਿਡ ਐਕਸ਼ਨ ਫੋਰਸ ਦੀ ਟੀਮ ਅਤੇ ਪੁਲੀਸ ਨੇ ਮਿਲ ਕੇ ਲਾਹੌਰੀ ਗੇਟ, ਸਨੌਰੀ ਅੱਡਾ, ਗੁਰਬਖ਼ਸ਼ ਕਲੋਨੀ, ਰਾਜਪੁਰਾ ਕਲੋਨੀ ਅਤੇ ਥਾਣਾ ਸਿਵਲ ਲਾਈਨ ਦੇ ਇਲਾਕਿਆਂ ਵਿੱਚ ਫਲੈਗ ਮਾਰਚ ਵੀ ਕੱਢਿਆ।
ਇਸ ਦੌਰਾਨ ਪੁਲਿਸ ਥਾਣਾ ਖੇਤਰ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਦਿਆਂ ਪੁਲਿਸ ਥਾਣਾ ਖੇਤਰ ਦੀ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨਜ/ਸਮਾਜਿਕ ਵਰਕਰਾਂ ਅਤੇ ਇਲਾਕੇ ਦੇ ਪਤਵੰਤਿਆਂ ਨਾਲ ਗੱਲਬਾਤ ਕਰਕੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਵੱਖ-ਵੱਖ ਘਟਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਭਵਿੱਖ ਵਿੱਚ ਸੰਭਾਵਿਤ ਭੁਚਾਲ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਆਮ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਗਈ।
ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਨੇ ਦੱਸਿਆ ਕਿ ਫਲੈਗ ਮਾਰਚ ਦਾ ਉਦੇਸ਼ ਇਲਾਕੇ ਵਿੱਚ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣਾ, ਲੋਕਾਂ ਵਿੱਚ ਵਰਦੀ ਪ੍ਰਤੀ ਵਿਸ਼ਵਾਸ ਵਧਾਉਣਾ ਅਤੇ ਜਨਤਾ ਨੂੰ ਡਰ ਤੋਂ ਮੁਕਤ ਕਰਨਾ, ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ, ਮਨੋਬਲ ਨੂੰ ਹੁਲਾਰਾ ਦੇਣਾ ਹੈ। ਲੋਕਾਂ ਨੂੰ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਨਾ ਅਤੇ ਇਲਾਕੇ ਦੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਇਸ ਕਵਾਇਦ ਦੌਰਾਨ 194 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਇੰਸਪੈਕਟਰ ਰਣਸਿੰਘ ਯਾਦਵ, ਥਾਣਾ ਲਾਹੌਰੀ ਗੇਟ ਅਤੇ ਸਿਵਲ ਲਾਈਨ ਥਾਣਾ ਇੰਚਾਰਜਾਂ ਸਮੇਤ ਇੰਸਪੈਕਟਰ ਯੋਗੇਂਦਰ ਬਸੀਠਾ, 194 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਦੇ ਕਰਮਚਾਰੀ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।
