ਪਿੰਡ ਭੜੀ ਪਨੈਚਾ ਦਾ ਅਗਾਂਹਵਧੂ ਕਿਸਾਨ ਪਰਾਲੀ ਪ੍ਰਬੰਧਨ ਕਰਕੇ ਹੋਰਨਾਂ ਕਿਸਾਨ ਲਈ ਬਣਿਆ ਰਾਹ ਦਸੇਰਾ
ਪਿੰਡ ਭੜੀ ਪਨੈਚਾ ਦਾ ਅਗਾਂਹਵਧੂ ਕਿਸਾਨ ਪਰਾਲੀ ਪ੍ਰਬੰਧਨ ਕਰਕੇ ਹੋਰਨਾਂ ਕਿਸਾਨ ਲਈ ਬਣਿਆ ਰਾਹ ਦਸੇਰਾ
-ਪਰਾਲੀ ਨੂੰ ਖੇਤਾਂ ’ਚ ਵਹਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਹੋਇਆ ਵਾਧਾ : ਕਿਸਾਨ ਗੁਰਮੁਖ ਸਿੰਘ
-ਵਾਤਾਵਰਣ ਸੰਭਾਲ ’ਚ ਕਿਸਾਨ ਗੁਰਮੁਖ ਸਿੰਘ ਦਾ ਅਹਿਮ ਯੋਗਦਾਨ : ਏ.ਡੀ.ਸੀ.
ਭਾਦਸੋਂ/ਪਟਿਆਲਾ, 12 ਅਕਤੂਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਬਲਾਕ ਨਾਭਾ ਦੇ ਪਿੰਡ ਭੜੀ ਪਨੈਚਾ ਦੇ ਕਿਸਾਨ ਗੁਰਮੁਖ ਸਿੰਘ ਵੱਲੋਂ ਫੁੱਲ ਚੜ੍ਹਾਉਂਦੇ ਹੋਏ ਆਪਣੇ 22 ਏਕੜ ਜ਼ਮੀਨ ਅਤੇ ਠੇਕੇ ’ਤੇ ਲਈ 80 ਏਕੜ ਜ਼ਮੀਨ ਵਿਚ ਝੋਨੇ ਦੀ ਪਰਾਲੀ ਨੂੰ ਪਿਛਲੇ 5 ਸਾਲਾਂ ਤੋਂ ਅੱਗ ਨਹੀਂ ਲਗਾਈ।
ਅਗਾਂਹਵਧੂ ਕਿਸਾਨ ਗੁਰਮੁਖ ਸਿੰਘ ਦੇ ਖੇਤਾਂ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕਰਨ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰੀਤਾ ਜੌਹਲ ਨੇ ਕਿਸਾਨ ਵੱਲੋਂ ਵਾਤਾਵਰਣ ਪੱਖੀ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹਾਜ਼ਰ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਕਿਸਾਨ ਗੁਰਮੁਖ ਸਿੰਘ ਦੱਸਿਆ ਕਿ ਉਹ ਪਰਾਲੀ ਨੂੰ ਖੇਤਾਂ ਵਿਚ ਮਿਲਾਕੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨੂੰ ਘਟਾਉਂਦੇ ਹਨ। ਕਿਸਾਨ ਅਨੁਸਾਰ ਉਹ ਪਰਾਲੀ ਦਾ ਯੋਗ ਪ੍ਰਬੰਧ ਕਰਕੇ ਆਲੂ ਦੀ ਖੇਤੀ ਕਰਦੇ ਹਨ ਜਿਸ ਲਈ ਉਹ ਪਹਿਲਾਂ ਮਲਚਰ ਚਲਾ ਕੇ ਅਤੇ ਫਿਰ ਪਲਾਓ ਦੀ ਵਰਤੋਂ ਕਰਦੇ ਹਨ।
ਕਿਸਾਨ ਗੁਰਮੁਖ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੇ ਗਏ ਚੈਟਬੋਟ (73800-16070) ਦੀ ਸ਼ਲਾਘਾ ਕਰਦੇ ਕਿਹਾ ਕਿ ਕਿਸਾਨ ਆਪਣੀ ਲੋੜ ਮੁਤਾਬਿਕ ਮਸ਼ੀਨਰੀ ਦੀ ਮੰਗ ਕਰਨ ਤਾਂ ਜੋ ਪਰਾਲੀ ਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ। ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਸਪ੍ਰੀਤ ਸਿੰਘ ਢਿੱਲੋਂ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਸ਼ਪਿੰਦਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਅਤੇ ਸਬਸਿਡੀ ਸਬੰਧੀ ਜਾਣੂ ਕਰਵਾਇਆ।