ਦਿੱਲੀ ਪੁਲਿਸ ਨੇ ਦਹਿਸ਼ਤਗਰਦ ਅਰਸ਼ ਡੱਲਾ ਦੇ ਦੋ ਕਰੀਬੀਆਂ ਨੂੰ ਗ੍ਰਿਫਤਾਰ ਕੀਤਾ

ਦਿੱਲੀ ਪੁਲਿਸ ਨੇ ਦਹਿਸ਼ਤਗਰਦ ਅਰਸ਼ ਡੱਲਾ ਦੇ ਦੋ ਕਰੀਬੀਆਂ ਨੂੰ ਗ੍ਰਿਫਤਾਰ ਕੀਤਾ
ਪੁਲਿਸ ‘ਤੇ ਫਾਇਰਿੰਗ; ਹੈਂਡ ਗ੍ਰੇਨੇਡ ਹਮਲਾ ਨਾਕਾਮ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਦਹਿਸ਼ਤਗਰਦ ਅਰਸ਼ ਡੱਲਾ ਦੇ ਦੋ ਕਰੀਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਅਰਸ਼ ਡੱਲਾ ਦੇ ਗੁਰਗੇ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਨਕਾਊਂਟਰ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲਿਸ ਨੇ ਇਨ੍ਹਾਂ ਦੋ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਹਥਿਆਰ ਅਤੇ ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਹਨ। ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਬਦਮਾਸ਼ ਦੇਰ ਰਾਤ ਪ੍ਰਗਤੀ ਮੈਦਾਨ ਨੇੜੇ ਬਣੀ ਸੁਰੰਗ/ਟਨਲ ਤੋਂ ਲੰਘਣ ਜਾ ਰਹੇ ਸਨ। ਇਸ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨੇ ਪ੍ਰਗਤੀ ਮੈਦਾਨ ਦੀ ਸੁਰੰਗ ਦੇ ਆਲੇ-ਦੁਆਲੇ ਘੇਰਾਬੰਦੀ ਕੀਤੀ। ਜਿਵੇਂ ਹੀ ਇਹ ਦੋਵੇਂ ਮੁਲਜ਼ਮ ਪ੍ਰਗਤੀ ਮੈਦਾਨ ਨੇੜੇ ਪੁੱਜੇ ਤਾਂ ਪੁਲਿਸ ਨੇ ਦੋਵਾਂ ਨੂੰ ਰੁਕਣ ਲਈ ਕਿਹਾ, ਪਰ ਪੁਲਿਸ ਨੂੰ ਸਾਹਮਣੇ ਦੇਖ ਕੇ ਉਹ ਭੱਜਣ ਲੱਗੇ। ਪਹਿਲਾਂ ਇੱਕ ਬਦਮਾਸ਼ ਨੇ ਪੁਲਿਸ ਟੀਮ ‘ਤੇ ਇੱਕ ਰਾਊਂਡ ਫਾਇਰ ਕੀਤਾ ਅਤੇ ਦੂਜੇ ਨੇ ਬੈਗ ਵਿਚੋਂ ਹੈਂਡ ਗ੍ਰੇਨੇਡ ਕੱਢ ਲਿਆ। ਇਸਤੋਂ ਪਹਿਲਾਂ ਕਿ ਉਹ ਗ੍ਰੇਨੇਡ ਦੀ ਸੇਫਟੀ ਪਿੰਨ ਕੱਢ ਪਾਉਂਦਾ, ਪੁਲਿਸ ਟੀਮ ਨੇ ਦੋਵਾਂ ‘ਤੇ ਕਾਬੂ ਪਾ ਲਿਆ। ਫਿਲਹਾਲ ਪੁਲਿਸ ਇਨ੍ਹਾਂ ਦੋਵਾਂ ਬਦਮਾਸ਼ਾਂ ਨੂੰ ਗ੍ਰਿਫਤ ‘ਚ ਲੈਕੇ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਤਾਬਕ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਅਪਰਾਧੀ ਅਰਸ਼ ਡੱਲਾ ਦੇ ਸੰਪਰਕ ਵਿੱਚ ਸਨ।
