ਵਾਤਾਵਰਣ ਸੰਭਾਲ ਲਈ ਪਿੰਡ ਫਰੀਦਪੁਰ ਦਾ ਕਿਸਾਨ ਅਵਤਾਰ ਸਿੰਘ ਨਿਭਾਅ ਰਿਹੈ ਅਹਿਮ ਯੋਗਦਾਨ
ਵਾਤਾਵਰਣ ਸੰਭਾਲ ਲਈ ਪਿੰਡ ਫਰੀਦਪੁਰ ਦਾ ਕਿਸਾਨ ਅਵਤਾਰ ਸਿੰਘ ਨਿਭਾਅ ਰਿਹੈ ਅਹਿਮ ਯੋਗਦਾਨ
-ਪਰਾਲੀ ਊਰਜਾ ਦਾ ਚੰਗਾ ਸਰੋਤ, ਉਦਯੋਗਿਕ ਇਕਾਈ ’ਚ ਹੋ ਸਕਦੀ ਹੈ ਪਰਾਲੀ ਦੀ ਵਰਤੋਂ : ਅਵਤਾਰ ਸਿੰਘ
ਨਾਭਾ/ਪਟਿਆਲਾ, 11 ਅਕਤੂਬਰ:
ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਫਰੀਦਪੁਰ ਦਾ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਆਪਣੀ 45 ਏਕੜ ਜਮੀਨ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਹੋਰਨਾ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੈ। ਕਿਸਾਨ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਪੱਖੀ ਕੰਮ ਦੀ ਸ਼ਲਾਘਾ ਕਰਨ ਲਈ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰੀਤਾ ਜੌਹਲ ਵਿਸ਼ੇਸ਼ ਤੌਰ ’ਤੇ ਕਿਸਾਨ ਅਵਤਾਰ ਸਿੰਘ ਦੇ ਖੇਤਾਂ ਵਿੱਚ ਪਹੁੰਚੇ ਅਤੇ ਕਿਸਾਨ ਵੱਲੋਂ ਕੀਤੇ ਜਾ ਰਹੇ ਕੰਮ ਲਈ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਹਾਜ਼ਰ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਆਪਣੇ ਤਜਰਬੇ ਸਾਂਝੇ ਕਰਦਿਆਂ ਕਿਸਾਨ ਅਵਤਾਰ ਸਿੰਘ ਦੱਸਿਆ ਕਿ ਉਹ ਬੇਲਰ ਦੀ ਮਦਦ ਨਾਲ ਗੱਠਾਂ ਬਣਾ ਕੇ ਪਰਾਲੀ ਦਾ ਯੋਗ ਪ੍ਰਬੰਧ ਕਰਕੇ ਆਲੂ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ 15 ਏਕੜ ਵਿਚ ਗੰਨੇ ਦੀ ਪੱਤੀਆਂ ਦੀਆਂ ਬੇਲਾਂ ਬਣਾਕੇ ਉਸ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਅਜਿਹੇ ਪਿਛਲੇ 7 ਸਾਲਾਂ ਤੋਂ ਪਰਾਲੀ ਪ੍ਰਬੰਧਨ ਕਰਕੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਪਰਾਲੀ ਊਰਜਾ ਦਾ ਬਹੁਤ ਚੰਗਾ ਸਰੋਤ ਹੈ ਅਤੇ ਇਸ ਦੀ ਖਪਤ ਉਦਯੋਗਿਕ ਇਕਾਈਆਂ ਵਿਚ ਕਰਕੇ ਵਾਤਾਵਰਣ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ ਅਤੇ ਅਜਿਹਾ ਕਰਕੇ ਖੇਤ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ। ਕਿਸਾਨ ਅਵਤਾਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੇ ਗਏ ਵਟਸ ਐਪ ਚੈਟਬੋਟ (73800-16070) ਦੀ ਸ਼ਲਾਘਾ ਕਰਦੇ ਕਿਹਾ ਕਿ ਕਿਸਾਨ ਆਪਣੀ ਲੋੜ ਮੁਤਾਬਿਕ ਮਸ਼ੀਨਰੀ ਦੀ ਮੰਗ ਕਰਨ ਤਾਂ ਜੋ ਪਰਾਲੀ ਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ। ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਅਫ਼ਸਰ ਨਾਭਾ ਡਾ. ਕੁਲਦੀਪ ਇੰਦਰ ਸਿੰਘ ਢਿੱਲੋਂ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਸ਼ਪਿੰਦਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਅਤੇ ਸਬਸਿਡੀ ਸਬੰਧੀ ਜਾਣੂ ਕਰਵਾਇਆ।