ਬਾਲਾ ਜੀ ਧਾਮ ਦੇ ਪੰਡਿਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ : ਫਿਰੌਤੀ ਦੀ ਮੰਗ ਕੀਤੀ

ਬਾਲਾ ਜੀ ਧਾਮ ਦੇ ਪੰਡਿਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ : ਫਿਰੌਤੀ ਦੀ ਮੰਗ ਕੀਤੀ
ਅੰਮ੍ਰਿਤਸਰ -ਸੂਬੇ ’ਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਕਟਹਿਰੇ ‘ਚ ਖੜੀ ਰਹੀ ਹੈ। ਜੀ ਹਾਂ ਸੂਬੇ ’ਚ ਕੁਝ ਅਜਿਹੀਆਂ ਘਟਨਾਵਾਂ ਘਟੀਆਂ ਹਨ ਜਿਸ ਕਾਰਨ ਲਗਾਤਾਰ ਹੀ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਉੱਠੇ ਹਨ। ਪੰਜਾਬ ‘ਚ ਫਿਰੌਤੀ ਤੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੰਦਿਰ ਦੇ ਪੰਡਿਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਘਨੂਪੁਰ ਕਾਲੇ ਵਿਖੇ ਸਥਿਤ ਮੰਦਿਰ ਬਾਲਾ ਜੀ ਧਾਮ ਦੇ ਪੰਡਿਤ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਫਿਰੌਤੀ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਮੰਦਿਰ ’ਚੋਂ ਮੌਜੂਦ ਗੋਲਕ ਚੋਂ ਪਾਕਿਸਤਾਨੀ 100 ਰੁਪਏ ਦਾ ਨੋਟ ਬਰਾਮਦ ਹੋਇਆ ਹੈ। ਜਿਸ ’ਤੇ ਧਮਕੀ ਦਿੱਤੀ ਗਈ ਹੈ ਅਤੇ ਨਾਲ ਹੀ ਫਿਰੌਤੀ ਵੀ ਮੰਗੀ ਗਈ ਹੈ। ਬਰਾਮਦ ਪਾਕਿਸਤਾਨੀ ਨੋਟ ’ਤੇ ਲਿਖਿਆ ਹੈ ਕਿ ਬਾਬਾ ਸਨੀਲ ਤੈਨੂੰ ਬਹੁਤ ਕਹਿ ਦਿੱਤਾ ਪਰ ਤੂੰ ਨਹੀਂ ਮੰਨਿਆ, 5 ਕਰੋੜ ਰੁਪਏ ਤਿਆਰ ਰੱਖੀ ਨਹੀਂ ਤਾਂ ਤੈਨੂੰ ਗੱਡੀ ਚਾੜ ਦੇਣਾ ਹੈ। ਧਮਕੀ ਭਰਿਆ ਪਾਕਿਸਤਾਨੀ ਨੋਟ ਮਿਲਣ ਤੋਂ ਬਾਅਦ ਮੰਦਿਰ ਸਮੇਤ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਫਿਲਹਾਲ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਐਫਆਈਆਰ ਦਰਜ ਕਰ ਲਈ ਗਈ ਹੈ।
