ਕੁਲਦੀਪ ਸਿੰਘ ਧਾਲੀਵਾਲ ਤੇ ਚੇਤਨ ਸਿੰਘ ਜੌੜਾਮਾਜਰਾ ਵਲੋਂ ਅਮਰੀਕਾ ਚ ਕਤਲ ਹੋਏ ਤਲਵੰਡੀ ਮਲਿਕ ਦੇ ਕਰਨਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਮਿਲਕੇ ਦੁੱਖ ਦਾ ਪ੍ਰਗਟਾਵਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 October, 2023, 07:26 PM

ਕੁਲਦੀਪ ਸਿੰਘ ਧਾਲੀਵਾਲ ਤੇ ਚੇਤਨ ਸਿੰਘ ਜੌੜਾਮਾਜਰਾ ਵਲੋਂ ਅਮਰੀਕਾ ਚ ਕਤਲ ਹੋਏ ਤਲਵੰਡੀ ਮਲਿਕ ਦੇ ਕਰਨਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਮਿਲਕੇ ਦੁੱਖ ਦਾ ਪ੍ਰਗਟਾਵਾ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਦੁਖੀ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ-ਧਾਲੀਵਾਲ, ਜੌੜਾਮਾਜਰਾ

ਸਮਾਣਾ, 11 ਅਕਤੂਬਰ:
ਪੰਜਾਬ ਦੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਬੀਤੇ ਦਿਨ ਅਮਰੀਕਾ ਵਿੱਚ ਕਤਲ ਹੋਏ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਦੇ ਨੌਜਵਾਨ ਕਰਨਵੀਰ ਸਿੰਘ ਦੇ ਪੀੜਤ ਪਰਿਵਾਰ ਨਾਲ ਮਿਲਕੇ ਅੱਜ ਅਫਸੋਸ ਦਾ ਪ੍ਰਗਟਾਵਾ ਕੀਤਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਰਿਵਾਰ ਦੀ ਮੰਗ ਮੁਤਾਬਕ ਪੰਜਾਬ ਸਰਕਾਰ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਕੇਸ ਬਣਾ ਕੇ ਭੇਜ ਰਹੀ ਹੈ। ਉਨ੍ਹਾਂ ਮ੍ਰਿਤਕ ਦੀ ਪਤਨੀ ਨਵਨੀਤ ਕੌਰ ਤੇ ਨਬਾਲਗ ਪੁੱਤਰ ਨਵਕਾਸ਼ ਸਿੰਘ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਕਰਨਵੀਰ ਸਿੰਘ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾਣ ਵਾਸਤੇ ਵੀਜਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਸਿਫਾਰਸ਼ ਐਨ.ਆਰ.ਆਈ ਵਿਭਾਗ ਰਾਹੀ ਅੰਬੈਸੀ ਨੂੰ ਬਹੁਤ ਜਲਦ ਭੇਜ ਦਿੱਤੀ ਜਾਵੇਗੀ।ਉਨ੍ਹ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ।
ਇਸ ਮੌਕੇ ਦੋਵਾਂ ਕੈਬਨਿਟ ਮੰਤਰੀਆਂ ਨੇ ਮੀਡੀਆ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਪਰਿਵਾਰ ਕਰਨਵੀਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣਾ ਚਾਹੁੰਦਾ ਹੈ, ਉਸ ਲਈ ਵੀ ਪੰਜਾਬ ਸਰਕਾਰ ਪੂਰੀ ਮਦਦ ਕਰੇਗੀ। ਇਸ ਤੋਂ ਬਿਨ੍ਹਾਂ ਉਨ੍ਹਾਂ ਦੇ ਪੁੱਤਰ ਦੀ ਪੜ੍ਹਾਈ ਤੇ ਪਤਨੀ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਦਿਵਾਉਣ ਲਈ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਐਸ ਡੀ ਐਮ ਚਰਨਜੀਤ ਸਿੰਘ ਨੂੰ ਕਿਹਾ ਕਿ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਜਿਹੇ ਯਤਨ ਕਰ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਤੇ ਰੋਜਗਾਰ ਲੱਭਣ ਲਈ ਵਿਦੇਸ਼ਾਂ ਵਿਚ ਨਾ ਜਾਣਾ ਪਵੇ, ਇਸੇ ਲਈ ਪੰਜਾਬ ਸਰਕਾਰ ਨੇ ਪਿੱਛਲੇ ਡੇਢ ਸਾਲ ਵਿਚ ਹੀ ਸੂਬੇ ਦੇ ਨੌਜਵਾਨਾਂ ਨੂੰ 37000 ਤੋਂ ਵਧੇਰੇ ਨੌਕਰੀਆਂ ਦਿਤੀਆਂ ਹਨ।
ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਗੁਲਜਾਰ ਸਿੰਘ ਵਿਰਕ, ਏਡੀਸੀ ਅਨੁਪ੍ਰਿਤਾ ਜੌਹਲ, ਡੀਐਸਪੀ ਨੇਹਾ ਅਗਰਵਾਲ ਸਮੇਤ ਹੋਰ ਪਤਵੰਤੇ ਮੌਜੂਦ ਸਨ।