ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਹੋਈ
ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਹੋਈ
-ਰੈਡ ਰਿਬਨ ਕਲੱਬਾਂ ਦਾ ਮੁੱਖ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਦਿਸ਼ਾ ਪ੍ਰਦਾਨ ਕਰਨਾ : ਸਹਾਇਕ ਡਾਇਰੈਕਟਰ
ਪਟਿਆਲਾ, 10 ਅਕਤੂਬਰ:
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਚੱਲ ਰਹੇ ਰੈਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰ ਅਤੇ ਪੀਅਰ ਐਜੂਕੇਟਰ ਗਰੁੱਪ ਦੇ ਮੈਂਬਰਾਂ ਦੀ ਐਡਵੋਕੇਸੀ ਮੀਟਿੰਗ ਦਾ ਆਯੋਜਨ ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਰੈਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਅਤੇ ਪੀਅਰ ਐਜੂਕੇਟਰ ਗਰੁੱਪ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
ਡਾ. ਦਿਲਵਰ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਰੈਡ ਰਿਬਨ ਦੀ ਫ਼ਿਲਾਸਫ਼ੀ ਤੋਂ ਸਾਰਿਆਂ ਨੂੰ ਜਾਣੂ ਕਰਾਇਆ। ਉਹਨਾਂ ਨੇ ਦੱਸਿਆ ਕਿ ਰੈਡ ਰਿਬਨ ਕਲੱਬਾਂ ਦਾ ਮੁੱਖ ਮੰਤਵ ਨੌਜਵਾਨਾਂ ਵਿੱਚ ਐਨਰਜੀ ਪੈਦਾ ਕਰਨਾ, ਉਹਨਾਂ ਨੂੰ ਸਿਹਤਮੰਦ ਬਣਾਉਣਾ, ਨੌਜਵਾਨਾਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕਰਨਾ ਅਤੇ ਨੌਜਵਾਨਾਂ ਨੂੰ ਐਚ. ਆਈ. ਵੀ./ ਏਡਜ਼, ਟੀ.ਬੀ, ਨਸ਼ਿਆਂ ਆਦਿ ਵਰਗੀਆਂ ਭਿਅੰਕਰ ਬਿਮਾਰੀਆਂ ਅਤੇ ਆਦਤਾਂ ਤੋਂ ਸੁਚੇਤ ਕਰਨਾ ਹੈ।
ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਨੋਡਲ ਅਫ਼ਸਰ ਸਾਹਿਬਾਨ ਦੇ ਨਾਲ ਪੀਅਰ ਐਜੂਕੇਟਰ ਗਰੁੱਪ ਦੇ ਮੈਂਬਰਾਂ ਨੂੰ ਬੁਲਾਉਣ ਦਾ ਇਹੀ ਮਕਸਦ ਹੈ ਕਿ ਉਹ ਆਪਣੇ ਵਿੱਦਿਅਕ ਅਦਾਰਿਆਂ ਵਿੱਚ ਰੈਡ ਰਿਬਨ ਕਲੱਬ ਦੇ ਨੁਮਾਇੰਦਿਆਂ ਵਜੋਂ ਵਿਦਿਆਰਥੀਆਂ ਵਿੱਚ ਪ੍ਰਚਾਰ ਕਰਨ ਅਤੇ ਉਹਨਾਂ ਨੂੰ ਜਾਗਰੂਕ ਕਰਨ ਅਤੇ ਉਹ ਅੱਗੇ ਸਮਾਜ ਨੂੰ ਜਾਗਰੂਕ ਕਰ ਸਕਣ ਤਾਂ ਜੋ ਇੱਕ ਚੇਨ ਬਣਾ ਕੇ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕੇ।
ਡਾਇਰੈਕਟੋਰੇਟ ਯੁਵਕ ਸੇਵਾਵਾਂ, ਪੰਜਾਬ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚ ਕੇ ਰੈਡ ਰਿਬਨ ਕਲੱਬਾਂ ਦੀ ਮਹੱਤਤਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਆਖਿਆ ਕਿ ਖੂਨ ਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ ਜਿਸ ਨਾਲ ਦੂਜਿਆਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਤੋਂ ਪਹੁੰਚੇ ਹੋਏ ਨਿਤਿਨ ਚੰਦੇਲ ਅਤੇ ਡਾ. ਅਮਨਦੀਪ ਕੌਰ ਨੇ ਆਪਣੇ ਵਿਖਿਆਨ ਰਾਹੀਂ ਐਚ.ਆਈ.ਵੀ., ਏਡਜ਼, ਖ਼ੂਨਦਾਨ, ਨਸ਼ੇ, ਸਿਹਤ ਅਤੇ ਟੀ.ਬੀ. ਦੇ ਲੱਛਣਾਂ ਅਤੇ ਇਲਾਜ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਚੀਮਾ ਨੇ ਵੀ ਰੈਡ ਰਿਬਨ ਕਲੱਬਾਂ ਦੀ ਲੋੜ ਅਤੇ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਆ ਆਖਿਆ ਕੀ ਸਾਨੂੰ ਬਿਮਾਰੀਆਂ ਨੂੰ ਲੁਕਾਉਣ ਦੀ ਬਜਾਏ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਹੈ। ਕਾਲਜ ਦੇ ਰੈਡ ਰਿਬਨ ਕਲੱਬ ਦੇ ਇੰਚਾਰਜ ਡਾ. ਪ੍ਰੀਤੀ ਭਾਟੀਆ ਅਤੇ ਡਾ. ਰੇਖਾ ਸ਼ਰਮਾ ਨੇ ਵੀ ਰੈਡ ਰਿਬਨ ਕਲੱਬ ਵਿਚ ਸੇਵਾ ਨਿਭਾਉਂਦਿਆਂ ਹੋਏ ਅਨੁਭਵਾਂ ਨੂੰ ਸਾਂਝਾ ਕੀਤਾ।
ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਵੱਲੋਂ ਰੈਡ ਰਿਬਨ ਕਲੱਬ ਦੀਆਂ ਸਾਲਾਨਾ ਅਕਾਦਮਿਕ ਗਤੀਵਿਧੀਆਂ ਸਬੰਧੀ ਕੈਲੰਡਰ ਜਾਰੀ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਵਾਰ ਹਰੇਕ ਕਲੱਬ ਵੱਲੋਂ ਪੰਜ-ਪੰਜ ਪਿੰਡ ਅਪਣਾ ਕੇ ਉਹਨਾਂ ਵਿੱਚ ਇਨ੍ਹਾਂ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ।
ਇਸ ਮੌਕੇ ਸਮੂਹ ਰੈਡ ਰਿਬਨ ਕਲੱਬਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।