ਨੈਕ ਟੀਮ ਦਾ ਪੰਜਾਬੀ ਯੂਨੀਵਰਸਿਟੀ ਦੌਰਾ ਮੁਕੰਮਲ
ਨੈਕ ਟੀਮ ਦਾ ਪੰਜਾਬੀ ਯੂਨੀਵਰਸਿਟੀ ਦੌਰਾ ਮੁਕੰਮਲ
-ਅਗਲੇ ਹਫ਼ਤੇ ਰਿਪੋਰਟ ਦੀ ਉਮੀਦ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਵਿਖੇ ਦੋ ਦਿਨਾ ਦੌਰੇ ਉੱਤੇ ਪਹੁੰਚੇ ‘ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ’ (ਨੈਕ) ਦੇ ਪ੍ਰਤੀਨਿਧੀਆਂ ਨੇ ਆਪਣਾ ਨਿਰੀਖਣ ਦਾ ਕਾਰਜ ਮੁਕੰਮਲ ਕਰ ਲਿਆ ਹੈ। ਇਸ ਸੱਤ ਮੈਂਬਰੀ ਟੀਮ, ਜਿਸ ਵਿੱਚ ਕਿ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਿੱਖਿਆ ਮਾਹਿਰ ਸ਼ਾਮਿਲ ਸਨ, ਨੇ ਇਸ ਨਿਰੀਖਣ ਸੰਬੰਧੀ ਸੀਲਬੰਦ ਰਿਪੋਰਟ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ ਨੂੰ ਭੇਜ ਦਿੱਤੀ ਹੈ। ਹੁਣ ਅਗਲੇ ਹਫ਼ਤੇ ਨੈਕ ਵੱਲੋਂ ਇਸ ਬਾਰੇ ਆਪਣਾ ਨਤੀਜਾ ਐਲਾਨੇ ਜਾਣ ਦੀ ਉਮੀਦ ਹੈ। ਜਿ਼ਕਰਯੋਗ ਹੈ ਕਿ ਇਸ ਓਵਰਆਲ ਨਤੀਜੇ ਲਈ ਲੋੜੀਂਦੇ ਮੁਲਾਂਕਣ ਦਾ 70 ਫ਼ੀਸਦੀ ਹਿੱਸਾ ਯੂਨੀਵਰਸਿਟੀ ਵੱਲੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਵੱਖ-ਵੱਖ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੁੰਦਾ ਹੈ ਅਤੇ ਬਾਕੀ ਬਚਦਾ 30 ਫ਼ੀਸਦੀ ਹਿੱਸਾ ਨੈਕ ਪ੍ਰਤੀਨਿਧੀਆਂ ਦੀ ਟੀਮ ਵੱਲੋਂ ਦੌਰੇ ਦੌਰਾਨ ਨਿਰੀਖਣ ਉਪਰੰਤ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਉੱਤੇ ਨਿਰਭਰ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਨੈਕ ਦਾ ਇਹ ਚੌਥੇ ਗੇੜ ਦਾ ਨਿਰੀਖਣ ਸੀ ਜਿਸ ਵਿੱਚ 2017 ਤੋਂ 2022 ਦੇ ਦਰਮਿਆਨ ਦੀਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਵੇਖਿਆ ਪਰਖਿਆ ਜਾਣਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਤਿੰਨ ਵਾਰ ਨੈਕ ਵੱਲੋਂ ਯੂਨੀਵਰਸਿਟੀ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ।
ਇਸ ਟੀਮ ਵੱਲੋਂ ਦੋ ਦਿਨਾਂ ਵਿੱਚ ਯੂਨੀਵਰਸਿਟੀ ਦੇ ਤਕਰੀਬਨ ਅੱਧੇ ਵਿਭਾਗਾਂ ਦਾ ਦੌਰਾ ਕਰਦਿਆਂ ਉੱਥੇ ਹਾਜ਼ਰ ਵਿਭਾਗੀ ਪ੍ਰਤੀਨਿਧੀਆਂ ਨਾਲ਼ ਸੰਵਾਦ ਰਚਾਇਆ ਗਿਆ। ਹਰੇਕ ਵਿਭਾਗ ਵੱਲੋਂ ਆਪਣੀਆਂ ਵਿਸ਼ੇਸ਼ਤਾਵਾਂ, ਵਿਲੱਖਣਤਾਵਾਂ, ਪ੍ਰਾਪਤੀਆਂ ਆਦਿ ਨਾਲ਼ ਸੰਬੰਧਤ ਅੰਕੜਿਆਂ ਨੂੰ ਸੂਚੀਬੱਧ ਕਰ ਕੇ ਅਗਾਊਂ ਤਿਆਰੀ ਕੀਤੀ ਹੋਈ ਸੀ ਤਾਂ ਕਿ ਘੱਟ ਸਮੇਂ ਵਿੱਚ ਵਧੇਰੇ ਦੱਸਿਆ ਜਾ ਸਕੇ। ਜਿੱਥੇ ਸੰਬੰਧਤ ਵਿਭਾਗ ਵੱਲੋਂ ਆਪਣੇ ਪੱਧਰ ਉੱਤੇ ਟੀਮ ਨੂੰ ਜਾਣਕਾਰੀ/ਪੇਸ਼ਕਾਰੀ ਦਿੱਤੀ ਜਾਂਦੀ ਸੀ ਉੱਥੇ ਹੀ ਟੀਮ ਵੱਲੋਂ ਵੀ ਆਪਣੀ ਦਿਲਚਸਪੀ ਅਨੁਸਾਰ ਵੱਖ-ਵੱਖ ਸਵਾਲਾਂ ਜ਼ਰੀਏ ਪੁੱਛਗਿੱਛ ਕੀਤੀ ਜਾਂਦੀ ਸੀ।
ਯੂਨੀਵਰਸਿਟੀ ਕੈਂਪਸ ਵਿੱਚ ਦੋ ਦਿਨ ਮੇਲੇ ਵਰਗਾ ਮਾਹੌਲ ਰਿਹਾ। ਜਿੱਥੇ ਇਸ ਟੀਮ ਲਈ ਭੰਗੜਾ, ਕੱਥਕ, ਲੋਕ-ਸਾਜ਼ ਆਦਿ ਵੰਨਗੀਆਂ ਦੀ ਪੇਸ਼ਕਾਰੀ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਹੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਉਚੇਚੇ ਤੌਰ ਉੱਤੇ ਪਹੁੰਚੇ ਹੋਏ ਸਨ। ਉੱਘੇ ਕਵੀ ਸੁਰਜੀਤ ਪਾਤਰ ਅਤੇ ਉੱਘੇ ਵਿਦਵਾਨ ਰਤਨ ਸਿੰਘ ਜੱਗੀ ਜਿਹੇ ਵਿਦਵਾਨ ਵੀ ਉਚੇਚੇ ਤੌਰ ਉੱਤੇ ਪੁੱਜੇ ਹੋਏ ਸਨ। ਜਿ਼ਕਰਯੋਗ ਹੈ ਕਿ ਟੀਮ ਵੱਲੋਂ ਸਾਬਕਾ ਵਿਦਿਆਰਥੀਆਂ, ਅਧਿਆਪਕਾਂ ਅਤੇ ਗ਼ੈਰ ਅਧਿਆਪਨ ਅਮਲੇ ਨਾਲ਼ ਵੱਖਰੇ-ਵੱਖਰੇ ਤੌਰ ਉੱਤੇ ਗੱਲ ਕੀਤੀ ਗਈ। ਗੱਲਬਾਤ ਦੇ ਇੱਕ ਦੌਰ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਿਲ ਸਨ।
ਇਸ ਦੌਰੇ ਦੇ ਸਬੱਬ ਨਾਲ਼ ਯੂਨੀਵਰਸਿਟੀ ਦੇ ਵੱਖ-ਵੱਖ ਕੋਨਿਆਂ ਵਿੱਚ ਲੋੜ ਅਨੁਸਾਰ ਸਾਫ਼-ਸਫ਼ਾਈ, ਰੰਗ-ਰੋਗਨ ਅਤੇ ਸੁੰਦਰੀਕਰਨ ਦਾ ਕਾਰਜ ਵੀ ਕਰਵਾਇਆ ਗਿਆ ਜਿਸ ਨਾਲ਼ ਕੈਂਪਸ ਹੋਰ ਆਕ੍ਰਸ਼ਕ ਲੱਗਣ ਲੱਗ ਪਿਆ ਹੈ।