ਪੰਜਾਬ ਦੀ ਖੇਤੀਬਾੜ੍ਹੀ ਆਰਥਿਕਤਾ ਵਿੱਚ ਨਿਵੇਸ਼ ਅਤੇ ਇਸ ਦੀ ਪੁਨਰ-ਸੁਰਜੀਤੀ ਸਮੇਂ ਦੀ ਲੋੜ੍ਹ: ਡਾ.ਆਰ.ਐੱਸ ਘੁੰਮਣ
ਪੰਜਾਬ ਦੀ ਖੇਤੀਬਾੜ੍ਹੀ ਆਰਥਿਕਤਾ ਵਿੱਚ ਨਿਵੇਸ਼ ਅਤੇ ਇਸ ਦੀ ਪੁਨਰ-ਸੁਰਜੀਤੀ ਸਮੇਂ ਦੀ ਲੋੜ੍ਹ: ਡਾ.ਆਰ.ਐੱਸ ਘੁੰਮਣ
ਪਟਿਆਲਾ: 27 ਸਤੰਬਰ, 2023
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਇਨੋਵੇਸ਼ਨ ਸੈੱਲ ਵੱਲੋਂ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਅੱਜ ਪੰਜਾਬ ਦੇ ਸਮਾਜਿਕ-ਆਰਥਿਕ ਮੁੱਦਿਆਂ ‘ਤੇ ਨਵੀਨਤਮ ਵਿਚਾਰਾਂ ਦੀ ਲੈਕਚਰ ਲੜੀ ਦੇ ਤਹਿਤ ਪਹਿਲਾ ਲੈਕਚਰ “1966 ਵਿੱਚ ਪੁਨਰਗਠਨ ਤੋਂ ਬਾਅਦ ਪੰਜਾਬ ਦੀ ਆਰਥਿਕਤਾ ਦੇ ਮੋੜ” ਆਯੋਜਿਤ ਕੀਤਾ ਗਿਆ।
ਇਸ ਲੈਕਚਰ ਦਾ ਉਦੇਸ਼ ਸਮਕਾਲੀ ਪੰਜਾਬ ਦੇ ਸੰਕਟਾਂ ਅਤੇ ਸਮਾਜਿਕ-ਆਰਥਿਕ ਪ੍ਰਸਥਿਤੀਆਂ ਦੀ ਪੜਚੋਲ ਕਰਨਾ ਅਤੇ ਇਸ ਨੂੰ ਦਰਪੇਸ਼ ਸਮਾਜਿਕ-ਸਿਆਸੀ ਸਮੱਸਿਆਵਾਂ ਅਤੇ ਮੁੱਦਿਆਂ ‘ਤੇ ਚਰਚਾ ਕਰਨਾ ਸੀ। ਇਸ ਲੈਕਚਰ ਵਿੱਚ ਮੁੱਖ ਵਕਤਾ ਵੱਜੋਂ ਪ੍ਰੋ. ਆਰ.ਐੱਸ.ਘੁੰਮਣ, ਪ੍ਰੋਫ਼ੈਸਰ ਆਫ਼ ਐਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਦਾ ਸੁਆਗਤ ਕਰਦਿਆਂ ਕਿਹਾ ਕਿ ਹੁਣ ਦਾ ਪੰਜਾਬ ਇਤਿਹਾਸ ਦੇ ਬਹੁ-ਪਰਤੀ ਅਤੇ ਗੁੰਝਲਦਾਰ ਪਰਿਵਰਤਨਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਪੰਜਾਬੀ ਲੋਕਾਂ ਦੀਆਂ ਸਮਾਜਿਕ-ਸਿਆਸੀ ਅਤੇ ਆਰਥਿਕ ਕਾਰਕਾਂ ਦੀ ਅੰਤਰ-ਪ੍ਰਸੰਗਤਾ ਬਾਰੇ ਸੰਵਾਦ ਸ਼ੁਰੂ ਕਰਨ ਦਾ ਇਹੀ ਢੁਕਵਾਂ ਸਮਾਂ ਹੈ।
ਇਸ ਮੌਕੇ ਤੇ ਕਾਲਜ ਦੇ ਇਨੋਵੇਸ਼ਨ ਸੈੱਲ ਦੇ ਕਨਵੀਨਰ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਨੀਰਜ ਗੋਇਲ ਨੇ ਕਿਹਾ ਕਿ ਸਾਡਾ ਇਨੋਵੇਸ਼ਨ ਸੈੱਲ ਪੰਜਾਬ ਦੀਆਂ ਵੱਖ-ਵੱਖ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਮੱਸਿਆਵਾਂ ਦੇ ਤਕਨੀਕੀ ਅਤੇ ਵਪਾਰਕ ਆਧਾਰਿਤ ਹੱਲ ਲੱਭਣ ਕਰਨ ਲਈ ਵਚਨਬੱਧ ਹੈ।
ਡਾ: ਮਨਿੰਦਰਦੀਪ ਚੀਮਾ, ਸਹਾਇਕ ਪ੍ਰੋਫੈਸਰ, ਅਰਥ ਸਾਸ਼ਤਰ ਨੇ ਲੈਕਚਰ ਦੇ ਵਿਸ਼ੇ ਦੀ ਰਸਮੀ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਪੰਜਾਬੀ ਸਮਾਜ ਸਮਾਜਿਕ ਅਤੇ ਆਰਥਿਕ ਇਕਾਈ ਵਜੋਂ ਇੱਕ ਗੁੰਝਲਦਾਰ ਸਮਾਜ ਹੈ ਅਤੇ ਇਸ ਵਿਚਾਰ-ਚਰਚਾ ਦਾ ਮੂਲ ਉਦੇਸ਼ ਅਜੋਕੇ ਪੰਜਾਬ ਦੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਨੂੰ ਸਮਝਣਾ ਅਤੇ ਉਹਨਾਂ ਦੇ ਹੱਲ ਲਈ ਚੇਤਨਾ ਦੀਆਂ ਵੱਖ-ਵੱਖ ਲੀਹਾਂ ਦੀ ਪੜਚੋਲ ਕਰਨਾ ਹੈ।
ਪ੍ਰੋ. ਆਰ.ਐਸ.ਘੁੰਮਣ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੰਡ ਤੋਂ ਬਾਅਦ ਪੰਜਾਬ ਦੇ ਪੁਨਰ-ਨਿਰਮਾਣ ਨੂੰ ਯਾਦ ਕਰਦਿਆਂ ਹਰੀ ਕ੍ਰਾਂਤੀ ਦੇ ਮਾੜੇ ਪ੍ਰਭਾਵਾਂ, 1984 ਤੋਂ ਬਾਅਦ ਦੇ ਕਾਲੇ ਦੌਰ ਅਤੇ ਮੌਜੂਦਾ ਖੇਤੀਬਾੜੀ ਦੇ ਵਸਤੂੀਕਰਨ ਅਤੇ ਵਪਾਰੀਕਰਨ, ਅਸੰਗਠਿਤ ਸ਼ਹਿਰੀਕਰਨ, ਵੱਡੇ ਪੱਧਰ ‘ਤੇ ਆਵਾਸ ਦੀ ਸਮੱਸਿਆ ਅਤੇ ਵਾਤਾਵਰਣ ਦੇ ਵਿਗਾੜ੍ਹਾਂ ਬਾਰੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਸਾਨੂੰ ਮੌਜੂਦਾ ਚੋਣ ਪ੍ਰਕਿਰਿਆ ਨੂੰ ਸੰਬੋਧਿਤ ਹੋਣ, ਖੇਤੀ ਆਧਾਰਿਤ ਉਦਯੋਗਾਂ ਵਿੱਚ ਨਿਵੇਸ਼ ਕਰਨ, ਮੁਫਤ ਅਤੇ ਲੋਕ-ਲੁਭਾਊ ਨੀਤੀਆਂ ਨੂੰ ਖਤਮ ਕਰਨ ਅਤੇ ਸਮਾਜਿਕ-ਰਾਜਨੀਤਿਕ ਚੇਤਨਾ ਦੀਆਂ ਨੈਤਿਕ ਬੁਨਿਆਦਾਂ ਨੂੰ ਮੁੜ ਤੋਂ ਖੋਜਣ ਦੀ ਲੋੜ ਹੈ।
ਇਸ ਮੌਕੇ ਤੇ ਮਿਸ ਯਾਛਨਾ, ਬੀ.ਏ.ਭਾਗ ਦੂਜਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਭਾਸ਼ਣ ਵਿੱਚ ਸ਼ੋਸ਼ਲ ਸਾਇੰਸਿਜ਼ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਭਾਸ਼ਣ ਦੀ ਸਮਾਪਤੀ ਤੇ ਡਾ. ਅਮਨਦੀਪ ਕੌਰ, ਮੁਖੀ, ਅਰਥ ਸਾਸ਼ਤਰ ਵਿਭਾਗ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।