ਸਕੂਲੀ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ; ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ ਸਾਰੇ ਸਰਕਾਰੀ ਹਾਈ ਸਕੂਲਾਂ ਵਿੱਚ 4ਡੀ ਵਿਸ਼ੇਸ਼ਤਾ ਵਾਲੀਆਂ ਐਕਸ.ਆਰ ਲੈਬਜ਼ ਦਾ ਉਦਘਾਟਨ
ਸਕੂਲੀ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ; ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ ਸਾਰੇ ਸਰਕਾਰੀ ਹਾਈ ਸਕੂਲਾਂ ਵਿੱਚ 4ਡੀ ਵਿਸ਼ੇਸ਼ਤਾ ਵਾਲੀਆਂ ਐਕਸ.ਆਰ ਲੈਬਜ਼ ਦਾ ਉਦਘਾਟਨ
• ਇਸ ਤੋਂ ਪਹਿਲਾਂ ਸੁਨਾਮ ਹਲਕੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਕੀਤੀਆਂ ਗਈਆਂ ਸਨ ਸਥਾਪਤ
• ਰਚਨਾਤਮਿਕ ਸੋਚ ਨੂੰ ਵਿਕਸਤ ਕਰਕੇ ਸਮੇਂ ਦੇ ਹਾਣੀ ਬਣਨਗੇ ਵਿਦਿਆਰਥੀ : ਅਮਨ ਅਰੋੜਾ
ਚੰਡੀਗੜ੍ਹ/ ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਆਉਂਦੇ ਸਾਰੇ ਸਰਕਾਰੀ ਹਾਈ ਸਕੂਲਾਂ ਵਿੱਚ 4ਡੀ ਵਿਸ਼ੇਸ਼ਤਾ ਵਾਲੀਆ ਐਕਸ.ਆਰ ਲੈਬਜ਼ ਦਾ ਉਦਘਾਟਨ ਕੀਤਾ, ਜਿਸ ਨਾਲ ਹਲਕਾ ਸੁਨਾਮ ਨਾ ਕੇਵਲ ਪੰਜਾਬ ਬਲਕਿ ਦੇਸ਼ ਦਾ ਅਜਿਹਾ ਪਹਿਲਾ ਹਲਕਾ ਬਣ ਗਿਆ ਹੈ ਜਿਸਦੇ ਸਾਰੇ ਹਾਈ ਸਕੂਲ ਇਸ ਅਤਿ ਆਧੁਨਿਕ ਸੁਵਿਧਾ ਨਾਲ ਲੈਸ ਹਨ।
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੁਨਾਮ ਵਿਖੇ ਆਯੋਜਿਤ ਰਸਮੀ ਉਦਘਾਟਨੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹਲਕੇ ਵਿੱਚ ਸਕੂਲੀ ਸਿੱਖਿਆ ਨੂੰ ਬੁਲੰਦੀਆਂ ’ਤੇ ਲਿਜਾਣ ਦੇ ਮਿੱਥੇ ਟੀਚੇ ਨੂੰ ਸਾਕਾਰ ਕਰਨ ਲਈ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਵਾਲਾ ਇਹ ਐਕਸਟੈਂਡੈਂਟ ਰਿਐਲਟੀ (ਐਕਸ.ਆਰ) ਲੈਬਜ਼ ਪ੍ਰੋਜੈਕਟ ਜਰਮਨੀ ਕੰਪਨੀ ਮਿਰਾਕਲ.IO ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ ਹੈ ਜਿਸ ਨਾਲ ਸਾਡੇ ਵਿਦਿਆਰਥੀ ਆਪਣੀ ਰਚਨਾਤਮਕ ਤੇ ਗੁਣਾਤਮਕ ਸੋਚ ਨੂੰ ਵਿਕਸਤ ਕਰਦਿਆਂ ਸਮੇਂ ਦੇ ਹਾਣੀ ਬਣ ਕੇ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਨਗੇ। ਉਨ੍ਹਾਂ ਦੱਸਿਆ ਕਿ ਸਾਇੰਸ ਜਿਹੇ ਵਿਸ਼ਿਆਂ ਨੂੰ ਰੌਚਕਤਾ ਭਰਪੂਰ ਬਣਾਉਣ ਵਿੱਚ ਇਹ ਲੈਬਜ਼ ਲਾਹੇਵੰਦ ਸਾਬਤ ਹੋਣਗੀਆਂ ਜਿਸ ਤਹਿਤ ਵਿਦਿਆਰਥੀ ਕਲਾਸਰੂਮ ਵਿੱਚ ਬੈਠ ਕੇ ਹੀ ਸਕਰੀਨ ’ਤੇ ਸਬੰਧਤ ਵਿਸ਼ਾ ਵਸਤੂ ਦੀਆਂ 4 ਡਾਇਮੈਂਸ਼ਨ ਦੇ ਹਰ ਪੱਖ ਨੂੰ ਮਹਿਸੂਸ ਕਰ ਸਕਣਗੇ ਅਤੇ ਸੀਮਤ ਸਮੇਂ ਵਿੱਚ ਹੀ ਵਿਸ਼ੇ ਬਾਰੇ ਪ੍ਰਯੋਗੀ ਤੌਰ ’ਤੇ ਜਾਣੂ ਹੋ ਸਕਣਗੇ ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਤੋਂ ਕਰੀਬ 4 ਮਹੀਨੇ ਪਹਿਲਾਂ ਹਲਕਾ ਸੁਨਾਮ ਦੇ ਸਾਰੇ 18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਤਿ ਆਧੁਨਿਕ ਰੋਬੋਟ ਲੈਬਜ਼ ਨਾਲ ਲੈਸ ਕੀਤਾ ਗਿਆ ਸੀ ਜਿਸ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ 1600 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਆਪਣੀ ਮਿਹਨਤ, ਹਿੰਮਤ, ਅਣਥੱਕ ਕੋਸ਼ਿਸ਼ਾਂ ਅਤੇ ਬੁਲੰਦ ਇਰਾਦੇ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਨੈਕਸਜੈੱਨ ਅਤੇ ਇੰਡੀਅਨ ਬੈਂਕ ਦੇ ਸਹਿਯੋਗ ਦੇ ਨਾਲ ਮੁਕੰਮਲ ਹੋ ਸਕਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਹ ਨਿੱਜੀ ਤੌਰ ’ਤੇ ਸ਼ੁਰੂ ਤੋਂ ਹੀ ਸਰਗਰਮ ਰਹੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਦੀ ਅਗਵਾਈ ਹੇਠ ਇਨ੍ਹਾਂ ਦੋਵਾਂ ਹੀ ਖੇਤਰਾਂ ਵਿੱਚ ਆਲ੍ਹਾ ਦਰਜੇ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਸ ਮੌਕੇ ਸਕੂਲੀ ਵਿਦਿਆਰਥਣ ਜਸਲੀਨ ਕੌਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਰੋਬੋਟਿਕ ਲੈਬ ਰਾਹੀਂ ਪਿਛਲੇ 4 ਮਹੀਨਿਆਂ ਤੋਂ ਪੜ੍ਹਾਈ ਕਰ ਰਹੀ ਹੈ ਅਤੇ ਇਸ ਸੁਵਿਧਾ ਰਾਹੀਂ ਦੇਸ਼ ਦੇ ਹੋਰਨਾਂ ਰਾਜਾਂ ਦੇ ਵਿਦਿਆਰਥੀਆਂ ਨਾਲ ਨਿਰੰਤਰ ਵਿਚਾਰ ਵਟਾਂਦਰਾ ਕਰਕੇ ਉਸ ਦਾ ਬੌਧਿਕ ਵਿਕਾਸ ਹੋ ਰਿਹਾ ਹੈ। ਕੈਬਨਿਟ ਮੰਤਰੀ ਨੇ ਬੱਚੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਗੁਣ ਹੈ ਜਿਸ ਨੂੰ ਤਰਾਸ਼ਣਾ ਸਮੇਂ ਦੀ ਲੋੜ ਹੈ ਅਤੇ ਸਾਡੀ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਠੋਸ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਟੈਕ ਤਕਨਾਲੋਜੀ ਦੀ ਵਰਤੋਂ ਨਾਲ ਵਿਦਿਆਰਥੀ ਸਵੈ ਭਰੋਸੇ ਨੂੰ ਮਜ਼ਬੂਤ ਕਰਨਗੇ ਅਤੇ ਆਪਣੇ ਹੁਨਰ ਨੂੰ ਪੂਰੀ ਦੁਨੀਆਂ ਸਾਹਮਣੇ ਲਿਆਉਣ ਦੇ ਸਮਰੱਥ ਬਣਨਗੇ।
ਇਸ ਮੌਕੇ ਮਿਰਾਕਲ.IO ਦੇ ਵੈਂਚਰ ਬਿਲਡਰ ਮੈਡਮ ਕ੍ਰਿਸ਼ਨਾ ਤੋਪਰਾਨੀ ਨੇ ਇਸ ਤਕਨੀਕ ਬਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਤਕਨੀਕੀ ਸਿਖਲਾਈ ਦਿੱਤੀ ਜਦਕਿ ਇੰਡੀਅਨ ਬੈਂਕ ਦੇ ਜਨਰਲ ਮੈਨੇਜਰ ਵਿਜੇ ਸਾਰੰਗੀ ਤੇ ਮੈਨੇਜਰ ਸੰਜੇ ਕੁਮਾਰ ਨੇ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੀਲਮ ਰਾਣੀ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਸਮਾਰੋਹ ਦੌਰਾਨ ਨੈਕਸਜੈੱਨ ਦੇ ਸੀ.ਈ.ਓ ਅਮਿਤ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ ਵੀ ਹਾਜ਼ਰ ਸਨ।