Breaking News ਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨਵਿਧਾਇਕ ਨਰਿੰਦਰ ਕੌਰ ਭਰਾਜ ਨੇ ਏ. ਜੀ. ਆਫਿਸ ਵਿੱਚ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ ਵਕੀਲਾਂ ਦੀ ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਤਰੁਨਪ੍ਰੀਤ ਸਿੰਘ ਸੌਂਦਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ 

ਪੰਜਾਬ ਵਿੱਚ ਪ੍ਰਾਇਮਰੀ ਪੱਧਰ ਉੱਤੇ ਤਿੰਨ ਸਿੱਖਿਆ ਬੋਰਡਾਂ ਵਿੱਚ ਕਿਸ ਤਰ੍ਹਾਂ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ ਪੜ੍ਹਾਈ : ਪੰਜਾਬੀ ਯੂਨੀਵਰਸਿਟੀ ਦੀ ਖੋਜ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 September, 2023, 07:01 PM

ਪੰਜਾਬ ਵਿੱਚ ਪ੍ਰਾਇਮਰੀ ਪੱਧਰ ਉੱਤੇ ਤਿੰਨ ਸਿੱਖਿਆ ਬੋਰਡਾਂ ਵਿੱਚ ਕਿਸ ਤਰ੍ਹਾਂ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ ਪੜ੍ਹਾਈ : ਪੰਜਾਬੀ ਯੂਨੀਵਰਸਿਟੀ ਦੀ ਖੋਜ
-ਪੀ.ਐੱਸ.ਈ.ਬੀ., ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਬੋਰਡਾਂ ਅਧੀਨ ਪੈਂਦੇ ਸਕੂਲਾਂ ਦਾ ਕੀਤਾ ਗਿਆ ਅਧਿਐਨ
-ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਵਿੱਚ ਇਕਸਾਰਤਾ ਦੀ ਅਣਹੋਂਦ
– ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਦਾ ਵਿਸ਼ਾ-ਵਸਤੂ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਟੁੰਬਣ ਤੋਂ ਅਸਮਰੱਥ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬ ਵਿੱਚ ਪ੍ਰਾਇਮਰੀ ਪੱਧਰ ਉੱਤੇ ਤਿੰਨ ਸਿੱਖਿਆ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਿਸ ਤਰ੍ਹਾਂ ਹੋ ਰਹੀ ਹੈ ਅਤੇ ਤਿੰਨੇ ਬੋਰਡਾਂ ਵਿੱਚ ਇਸ ਪੱਖੋਂ ਕੀ-ਕੀ ਵੱਖਰਤਾਵਾਂ ਹਨ, ਇਸ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਖੋਜ ਸਾਹਮਣੇ ਆਈ ਹੈ। ਆਈ.ਸੀ.ਐੱਸ.ਈ. (ਇੰਡੀਅਨ ਸਰਟੀਫ਼ਿਕੇਟ ਆਫ਼ ਸੈਕੰਡਰੀ ਐਜੂਕੇਸ਼ਨ), ਸੀ.ਬੀ.ਐੱਸ.ਈ. (ਸੈਂਟਰਲ ਬੋਰਡ ਆਫ਼
ਸੈਕੰਡਰੀ ਐਜੂਕੇਸ਼ਨ)ਅਤੇ ਪੀ. ਐੱਸ.ਈ.ਬੀ. (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਦਰਭ ਵਿੱਚ) ਬਾਰੇ ਇਹ ਖੋਜ ਯੂਨੀਵਰਸਿਟੀ ਦੇ ਮਾਨਵ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਵਿਖੇ ਨਿਗਰਾਨ ਡਾ. ਜੋਗਾ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਕੁਲਵਿੰਦਰ ਕੌਰ ਵੱਲੋਂ ਕੀਤੀ ਗਈ ਹੈ।
ਪ੍ਰੋ. ਜੋਗਾ ਸਿੰਘ ਨੇ ਦੱਸਿਆ ਕਿ ਇਸ ਖੋਜ ਕਾਰਜ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਪਾਠ-ਸਮੱਗਰੀ ਦਾ ਤੁਲਨਾਤਮਿਕ ਅਧਿਐਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਬਹੁਤ ਸਾਰੇ ਅਹਿਮ ਨੁਕਤੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਪੀ. ਐੱਸ.ਈ.ਬੀ. ਨੇ ਪਹਿਲੀ ਤੋਂ ਪੰਜਵੀਂ ਜਮਾਤ ਦੀਆਂ ਪਾਠ-ਪੁਸਤਕਾਂ ਦੀ ਵਿਸ਼ੇ ਸਮੱਗਰੀ ਸਰਕਾਰੀ ਪੱਧਰ ਉੱਤੇ ਖੁਦ ਵਿਉਂਤੀ ਹੈ ਜਦਕਿ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਸਕੂਲਾਂ ਨੇ ਵੱਖ-ਵੱਖ ਨਿੱਜੀ ਪ੍ਰਕਾਸ਼ਕਾਂ ਜਾਂ ਸੰਪਾਦਕਾਂ ਵੱਲੋਂ ਵਿਉਂਤੀ ਵਿਸ਼ੇ-ਸਮੱਗਰੀ ਨੂੰ ਆਪਣੇ ਪਾਠ-ਕ੍ਰਮ ਦਾ ਹਿੱਸਾ ਬਣਾਇਆ ਹੈ। ਇੰਞ, ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਵਿੱਚ ਇਕਸਾਰਤਾ ਦੀ ਅਣਹੋਂਦ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਐਸ.ਈ. ਦੇ ਤਾਂ ਵੱਖ-ਵੱਖ ਸਕੂਲਾਂ ਵਿੱਚ ਇੱਕੋ ਜਮਾਤ ਲਈ ਵੱਖ-ਵੱਖ ਪਾਠ-ਪੁਸਤਕਾਂ ਵੀ ਮਿਲਦੀਆਂ ਹਨ। ਤਿੰਨੇ ਬੋਰਡਾਂ ਦੇ ਪ੍ਰਾਇਮਰੀ ਸਕੂਲ ਆਪੋ-ਆਪਣੇ ਨਿਸ਼ਚਿਤ ਉਦੇਸ਼ਾਂ ਦੀ ਪੂਰਤੀ ਹਿੱਤ ਹੋਂਦ ਵਿੱਚ ਆਏ ਹਨ। ਇਸ ਕਰਕੇ ਤਿੰਨੇ ਬੋਰਡਾਂ ਲਈ ਪੰਜਾਬੀ ਭਾਸ਼ਾ ਅਧਿਆਪਨ ਦੀ ਮਹੱਤਤਾ ਅਤੇ ਉਦੇਸ਼ ਵੱਖਰੇ-ਵੱਖਰੇ ਹਨ। ਉਨ੍ਹਾਂ ਇਹ ਵੀ ਦੱਸਿਆ ਪੀ. ਐੱਸ.ਈ.ਬੀ ਨੇ 1969 ਤੋਂ ਲੈ ਕੇ ਹੁਣ ਤੱਕ ਸਿੱਖਿਆ ਪ੍ਰੋਗਰਾਮਾਂ ਦੀ ਯੋਜਨਾਬੰਦੀ, ਨੀਤੀ ਨਿਰਮਾਣ, ਸਿੱਖਿਆ ਸਮੱਸਿਆਵਾਂ ਦੇ ਸਮਾਧਾਨ ਅਤੇ ਸਿੱਖਿਆ ਸੁਧਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਦੂਜੇ ਬੋਰਡਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਸਿਰਫ਼ ਪਰੀਖਿਆ ਵਿੱਚੋਂ ਪਾਸ ਹੋਣ ਦੀ ਪੂਰਤੀ ਹਿੱਤ ਹੀ ਵਧੇਰੇ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਬੋਰਡ ਦੇ ਸਕੂਲਾਂ ਵਿੱਚ ਵਿਦਿਆਰਥੀ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪਹਿਲੀ, ਦੂਜੀ ਅਤੇ ਤੀਜੀ ਭਾਸ਼ਾ ਦੇ ਰੂਪ ਵਿੱਚ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਵਿੱਚ ਦੇਖਿਆ ਗਿਆ ਹੈ ਕਿ ਇੱਕ ਹੀ ਬੋਰਡ ਦੁਆਰਾ ਨਿਰਧਾਰਿਤ ਪਾਠ-ਸਮੱਗਰੀ ਦੇ ਇੱਕ ਹੀ ਪਾਠ ਵਿੱਚ, ਇੱਥੋ ਤੱਕ ਕਿ ਇੱਕ ਹੀ ਪੈਰ੍ਹੇ ਵਿੱਚ, ਇੱਕੋ ਸ਼ਬਦ ਲਈ ਵੱਖ-ਵੱਖ ਸ਼ਬਦ-ਜੋੜਾਂ ਦੀ ਵਰਤੋਂ ਕਰਨ ਦੀਆਂ ਅਨੇਕ ਗ਼ਲਤੀਆਂ ਮਿਲਦੀਆਂ ਹਨ। ਪ੍ਰਮਾਣਿਕ ਸ਼ਬਦ-ਜੋੜਾਂ ਦੀ ਪਾਲਣਾ ਦੀ ਘਾਟ ਹੈ। ਜ਼ਿਆਦਾਤਰ ਗ਼ਲਤੀਆਂ ਬਿੰਦੀ, ਟਿੱਪੀ,ਅੱਧਕ ਅਤੇ ਪੈਰ ਵਿੱਚ ਪੈਣ ਵਾਲੇ ਅੱਖਰਾਂ ਅਤੇ ਚਿੰਨ੍ਹਾਂ ਨਾਲ ਸੰਬੰਧਿਤ ਹਨ। ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਵਿੱਚ ਅਪੂਰਨ ਅਤੇ ਅਸ਼ੁੱਧ ਵਾਕ-ਬਣਤਰ ਦੀ ਭਰਮਾਰ ਹੈ। ਵਾਕ ਜ਼ਿਆਦਾ ਲੰਮੇ ਅਤੇ ਗੁੰਝਲਦਾਰ ਹਨ। ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਦੀਆਂ ਪਾਠ-ਪੁਸਤਕਾਂ ਵਿੱਚ ਇਹ ਸਮੱਸਿਆ ਜ਼ਿਆਦਾ ਵੇਖਣ ਨੂੰ ਮਿਲਦੀ ਹੈ।
ਖੋਜਾਰਥੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਤਿੰਨੇ ਬੋਰਡਾਂ ਦੀ ਪਾਠ-ਸਮੱਗਰੀ ਦਾ ਵਿਸ਼ਾ-ਵਸਤੂ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਟੁੰਬਣ ਤੋਂ ਅਸਮਰੱਥ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਬੋਰਡਾਂ ਦੀਆਂ ਪਾਠ-ਪੁਸਤਕਾਂ ਦੀ ਪਾਠ-ਸਮੱਗਰੀ ਵਿੱਚ ਦੂਜੀਆਂ ਭਾਸ਼ਾਵਾਂ (ਹਿੰਦੀ ਅਤੇ ਅੰਗਰੇਜ਼ੀ) ਦੀ ਸ਼ਬਦਾਵਲੀ ਵੀ ਵਰਤੀ ਗਈ ਹੈ। ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਜ਼ਿਆਦਾ ਮਾਤਰਾ ਵਿੱਚ ਦੇਖਣ ਨੂੰ ਮਿਲੀ ਹੈ। ਇਹ ਵਰਤੋਂ ਸੀ.ਬੀ.ਐਸ.ਈ. ਦੀਆਂ ਪਾਠ-ਪੁਸਤਕਾਂ ਵਿੱਚ ਹੋਰ ਵਧੇਰੇ ਹੈ। ਅਧਿਆਪਨ ਵਿਧੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ
ਤਿੰਨੇ ਬੋਰਡਾਂ ਨਾਲ ਸੰਬੰਧਿਤ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੇ ਅਧਿਆਪਕ, ਭਾਸ਼ਾਈ ਅਧਿਆਪਨ ਵਿਧੀਆਂ ਦੀ ਇਕਸਾਰ ਰੂਪ ਵਿੱਚ ਵਰਤੋਂ ਨਹੀਂ ਕਰਦੇ। ਉਨ੍ਹਾਂ ਵੱਲੋਂ ਅਪਣਾਈਆਂ ਜਾਂਦੀਆਂ ਅਧਿਆਪਨ ਵਿਧੀਆਂ ਕੇਵਲ ਦਿਖਾਵਾ ਮਾਤਰ ਹਨ। ਤਿੰਨੇ ਬੋਰਡਾਂ ਦੇ ਪੰਜਾਬੀ ਅਧਿਆਪਕ ਨਵੀਆਂ ਅਧਿਆਪਨ ਵਿਧੀਆਂ (ਭਾਸ਼ਾਈ ਪ੍ਰਯੋਗਸ਼ਾਲਾ ਵਿਧੀ, ਆਦਿ) ਦੀ ਵਰਤੋਂ ਕਰਨ ਤੋਂ ਕਿਨਾਰਾ ਕਰਦੇ ਹਨ। ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਬੋਰਡ ਦੀਆਂ ਪਾਠ-ਸਮੱਗਰੀ ਵਿਚਲੀਆਂ ਤਸਵੀਰਾਂ ਦੀ ਗਿਣਤੀ ਅਤੇ ਛਪਾਈ ਗੁਣਵੱਤਾ ਪੰ.ਸ.ਸਿੱ.ਬੋ. ਦੀ ਪਾਠ-ਸਮੱਗਰੀ ਨਾਲੋਂ ਪ੍ਰਭਾਵਸ਼ਾਲੀ ਹੈ। ਪਰ ਇਨ੍ਹਾਂ ਦੀ ਇਹ ਬਹੁਤ ਵੱਡੀ ਘਾਟ ਇਹ ਹੈ ਕਿ ਤਸਵੀਰਾਂ ਵਿਸ਼ੇ ਨਾਲ ਮੇਲ ਨਹੀਂ ਖਾਂਦੀਆਂ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਬਾਰੇ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੋਜਾਂ ਸਿੱਖਿਆ ਦੇ ਸੰਬੰਧ ਵਿੱਚ ਨਵੀਆਂ ਨੀਤੀਆਂ ਦੇ ਨਿਰਮਾਣ ਸਮੇਂ ਸਹਾਈ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਸਥਿਤੀ ਬਾਰੇ ਜ਼ਮੀਨੀ ਪੱਧਰ ਉੱਤੇ ਕੀਤੀ ਗਈ ਅਜਿਹੀ ਖੋਜ, ਜਿਸ ਵਿੱਚ ਵੱਖ-ਵੱਖ ਪੱਖਾਂ ਦੀ ਬਰੀਕ ਜਾਂਚ ਸ਼ਾਮਿਲ ਹੈ, ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੇ ਸੁਧਾਰ ਲਈ ਅਗਵਾਈ ਕਰਨ ਹਿਤ ਚੰਗੀ ਭੂਮਿਕਾ ਨਿਭਾ ਸਕਦੀ ਹੈ।