ਪੁੱਤ ਦੇ ਇਨਸਾਫ਼ ਲਈ ਲੜਦਾਂ ਰਹਾਂਗਾ-ਬਲਕੌਰ ਸਿੱਧੂ

ਦੁਆਰਾ: Punjab Bani ਪ੍ਰਕਾਸ਼ਿਤ :Sunday, 01 October, 2023, 05:01 PM

ਪੁੱਤ ਦੇ ਇਨਸਾਫ਼ ਲਈ ਲੜਦਾਂ ਰਹਾਂਗਾ-ਬਲਕੌਰ ਸਿੱਧੂ
ਮੂਸੇਵਾਲਾ, 1 Oct : ਸਿੱਧੂ ਮੂਸੇਵਾਲਾ ਦੇ ਕਤਲ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਹਰ ਐਤਵਾਰ ਸਿੱਧੂ ਨੂੰ ਚਾਹੁਣ ਵਾਲੇ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੀ ਹਵੇਲੀ ਪਹੁਚੰਦੇ ਹਨ। ਜਿਨ੍ਹਾਂ ਨੂੰ ਬਲਕੌਰ ਸਿੰਘ ਸਿੱਧੂ ਵੱਲੋਂ ਸੰਬੋਧਨ ਕਰਦਿਆਂ ਸਰਕਾਰ ਤੋਂ ਪੁੱਤ ਲਈ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈ।
ਇਸ ਮੌਕੇ ਘਰ ਪਹੁੰਚੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਜਮ ਕੇ ਮੁਖਾਲਫਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਕਰੜੀ ਸਰੁੱਖਿਆ ਵਿੱਚ ਰੱਖਿਆ ਜਾ ਰਿਹਾ ਹੈ ਜਦੋਂ ਕਿ ਇਹ ਆਮ ਲੋਕਾਂ ਦਾ ਸ਼ਰੇਆਮ ਕਤਲ ਕਰ ਰਹੇ ਹਨ ਤੇ ਜਦੋਂ ਕਿ ਇਨ੍ਹਾਂ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਹੋਇਆ ਸਰਕਾਰੀ ਹਸਪਤਾਲ ਤੇ ਅਦਾਲਤਾਂ ਨੂੰ ਰਾਤ ਨੂੰ ਵੀ ਖੋਲ੍ਹਿਆ ਜਾਂਦਾ ਹੈ। ਆਮ ਲੋਕਾਂ ਜੋ ਟੈਕਸ ਭਰਦੇ ਹਨ ਉਨ੍ਹਾਂ ਲਈ ਸਰਕਾਰਾਂ ਬਿਲਕੁਲ ਵੀ ਗੰਭੀਰ ਵੀ ਨਹੀਂ ਹਨ।
ਪੰਨੂ ਦਾ ਇੰਟਰਵਿਊ ਹਟਾਇਆ ਪਰ ਬਿਸ਼ਨੋਈ ਦਾ ਅਜੇ ਵੀ ਚੱਲ ਰਿਹਾ
ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੂਸੇਵਾਲਾ ਦਾ ਐਸਵਾਈਐਲ ਗੀਤ ਤੇ ਗੁਰਪਤਵੰਤ ਪਨੂੰ ਦਾ ਇਟਰਵਿਊ ਤਾਂ ਡਿਲੀਟ ਕਰਵਾ ਦਿੱਤਾ ਹੈ ਪਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਅਜੇ ਵੀ ਚੱਲ ਰਿਹਾ ਹੈ। ਸਰਕਾਰ ਦੇ ਇਹ ਦੋਹਰੇ ਮਾਪ ਦੰਡ ਕਿਉਂ ਹਨ। ਬਲਕੌਰ ਸਿੰਘ ਨੇ ਘਰ ਪਹੁੰਚੇ ਨੌਜਵਾਨਾਂ ਨੂੰ ਕਿਹਾ ਕਿ ਉਹ ਸਿਰਫ਼ ਇੱਥੋਂ ਫੋਟੋ ਖਿਚਵਾ ਕੇ ਨਾ ਜਾਣ ਸਗੋਂ ਇੱਥੋਂ ਕੁਝ ਸਿੱਖ ਕੇ ਜਾਣ। ਉਨ੍ਹਾਂ ਦੇ ਪੁੱਤ ਨੇ ਵਿਦੇਸ਼ ਤੋਂ ਵਾਪਸ ਆ ਕੇ ਪੰਜਾਬ ਵਿੱਚ ਰਹਿ ਕੇ ਨਵਾਂ ਟਰੈਂਡ ਸੈੱਟ ਕੀਤਾ ਪਰ ਸਾਡੇ ਲੀਡਰ ਸਿਰਫ਼ ਬਿਆਨਬਾਜ਼ੀ ਕਰ ਸਕਦੇ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਅਜੇ ਕੱਕ ਇਨਸਾਫ਼ ਨਹੀਂ ਮਿਲਿਆ ਹੈ ਜਿਸ ਲਈ ਉਹ ਲਗਾਤਾਰ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰਾਜਨੀਤਿਕ ਲੋਕ ਵੋਟਾਂ ਵੇਲੇ ਤੁਹਾਡੇ ਕੋਲ ਆਉਣਗੇ ਤਾਂ ਉਨ੍ਹਾਂ ਨੂੰ ਸਵਾਲ ਪੁੱਛੋ ਤੇ ਅਜਿਹੇ ਲੀਡਰਾਂ ਨੂੰ ਵੋਟ ਵੀ ਨਾ ਦਿਓ। ਉਨ੍ਹਾਂ ਕਿਹਾ ਕਿ ਉਹ ਆਪਣੀ ਉਮਰ ਦੇ ਆਖ਼ਰੀ ਪੜਾਅ ਵਿੱਚ ਹਨ ਪਰ ਉਹ ਆਉਣ ਵਾਲੇ ਸਮੇਂ ਲਈ ਲੜ ਰਹੇ ਹਨ ਤੇ ਆਪਣੇ ਪੁੱਤ ਦੇ ਇਨਸਾਫ਼ ਲਈ ਲੜਦੇ ਰਹਿਣਗੇ।



Scroll to Top