ਅਪਗ੍ਰੇਡ ਹੋਣ ਨਾਲ ਨਮੂਨੇ ਦਾ ਹਸਪਤਾਲ ਬਣੇਗਾ ਮਾਤਾ ਕੌਸ਼ੱਲਿਆ ਹਸਪਤਾਲ ਡਾ. ਬਲਬੀਰ ਸਿੰਘ
ਅਪਗ੍ਰੇਡ ਹੋਣ ਨਾਲ ਨਮੂਨੇ ਦਾ ਹਸਪਤਾਲ ਬਣੇਗਾ ਮਾਤਾ ਕੌਸ਼ੱਲਿਆ ਹਸਪਤਾਲ ਡਾ. ਬਲਬੀਰ ਸਿੰਘ
-ਕਿਹਾ, ਪੰਜਾਬ ਬਣੇਗਾ ਸਿਹਤ ਸੇਵਾਵਾਂ ਦੇ ਖੇਤਰ ‘ਚ ਆਈ ਕਰਾਂਤੀ ਦਾ ਗਵਾਹ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਰਾਜ ‘ਚ ਸੈਕੰਡਰੀ ਸਿਹਤ ਸੇਵਾਵਾਂ ਦੀ ਅਪਗ੍ਰੇਡੇਸ਼ਨ ਲਈ ਉਲੀਕੀ ਵਿਆਪਕ ਯੋਜਨਾ
-ਮਾਤਾ ਕੌਸ਼ੱਲਿਆ ਹਸਪਤਾਲ ਦੇ ਆਧੁਨਿਕੀਕਰਨ ਪ੍ਰਾਜੈਕਟ ਦੇ ਨੀਂਹ ਪੱਥਰ ਰੱਖਣ ਲਈ 2 ਅਕਤੂਬਰ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾ ਦਾ ਲਿਆ ਜਾਇਜ਼ਾ
ਪਟਿਆਲਾ, 29 ਸਤੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸੂਬੇ ਵਿੱਚ ਆ ਰਹੀ ਸਿਹਤ ਸੇਵਾਵਾਂ ਦੇ ਖੇਤਰ ਵਿਚਲੀ ਕਰਾਂਤੀ ਦਾ ਗਵਾਹ ਬਣੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੀਆਂ ਸੈਕੰਡਰੀ ਸਿਹਤ ਸੇਵਾਵਾਂ ਸਕੀਮ ਦੀ ਅਪਗ੍ਰੇਡੇਸ਼ਨ ਲਈ ਇੱਕ ਵਿਆਪਕ ਯੋਜਨਾ ਉਲੀਕੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ੁਰੂਆਤ 2 ਅਕਤੂਬਰ ਨੂੰ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ, ਪਟਿਆਲਾ ਦੇ ਆਧੁਨਿਕੀਕਰਨ ਦੇ ਨੀਂਹ ਪੱਥਰ ਮਗਰੋਂ ਨਿਊ ਪੋਲੋ ਗਰਾਊਂਡ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਤੋਂ ਕੀਤੀ ਜਾਵੇਗੀ ਅਤੇ ਇੱਥੋਂ ਸੂਬੇ ਦੇ 14 ਸਰਕਾਰੀ ਜ਼ਿਲ੍ਹਾ ਹਸਪਤਾਲਾਂ ਦੀ ਅਪਗ੍ਰੇਡਸ਼ਨ ਦੀ ਵੀ ਸ਼ੁਰੂਆਤ ਹੋਵੇਗੀ।
ਸਿਹਤ ਮੰਤਰੀ ਨੇ ਪਟਿਆਲਾ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਪਰਦੀਪ ਅਗਰਵਾਲ, ਸਿਹਤ ਮੰਤਰੀ ਦੇ ਸਲਾਹਕਾਰ ਡਾ. ਸੁਧੀਰ ਵਰਮਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਸਿਹਤ ਵਿਭਾਗ ਦੇ ਡਾਇਰਕੈਟਰ ਡਾ. ਆਦਰਸ਼ਪਾਲ ਕੌਰ ਤੇ ਹੋਰ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ 1906 ਵਿੱਚ ਸਥਾਪਤ ਹੋਏ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਨੂੰ ਅਪਗ੍ਰੇਡ ਕਰਕੇ ਨਮੂਨੇ ਦਾ ਹਸਪਤਾਲ ਬਣਾਇਆ ਜਾਵੇਗਾ, ਕਿਉਂਕਿ ਇੱਥੇ ਰੋਜ਼ਾਨਾ ਦੀ ਓਪੀਡੀ ਕਰੀਬ 1500 ਮਰੀਜਾਂ ਦੀ ਹੈ ਅਤੇ ਇਹ ਹਸਪਤਾਲ ਕਰੀਬ 20 ਲੱਖ ਆਬਾਦੀ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ, ਆਰਕੀਟੈਕਟ, ਲੋਕ ਨਿਰਮਾਣ ਦੇ ਸਿਵਲ ਤੇ ਬਿਜਲੀ ਵਿੰਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਨੇ ਮਿਲਕੇ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਵੱਲੋਂ ਝੱਲੀਆਂ ਜਾ ਰਹੀਆਂ ਔਕੜਾਂ ਦਾ ਵਿਸਲੇਸ਼ਣ ਕਰਕੇ ਬਣਾਈ ਰਿਪੋਰਟ ਦੇ ਅਧਾਰ ‘ਤੇ ਇਸ ਦੀ ਕਾਇਆਂ ਕਲਪ ਕੀਤੀ ਜਾ ਰਹੀ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਤੇ ਹੰਗਾਮੀ ਹਾਲਤ ਸਮੇਂ ਮੈਡੀਕਲ ਸਹਾਇਤਾ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਤੁਰੰਤ ਪ੍ਰਦਾਨ ਹੋਣ। ਮੀਟਿੰਗ ‘ਚ ਕਰਨਲ ਜੇਵੀ ਸਿੰਘ, ਬਲਵਿੰਦਰ ਸੈਣੀ, ਏ.ਡੀ.ਸੀ. ਅਨੁਪ੍ਰਿਤਾ ਜੌਹਲ, ਸਿਵਲ ਸਰਜਨ ਡਾ. ਰਾਮਿੰਦਰ ਕੌਰ, ਮੈਡੀਕਲ ਸੁਪਰਡੈਂਟ ਡਾ. ਜਗਪਾਲ ਇੰਦਰ ਸਿੰਘ, ਲੋਕ ਨਿਰਮਾਣ, ਜਨ ਸਿਹਤ, ਮੰਡੀ ਬੋਰਡ, ਆਰਕੀਟੈਕਟ, ਮੈਡੀਕਲ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।