ਝੋਨੇ ਦੀ ਖਰੀਦ ਲਈ ਤਿਆਰੀਆਂ ਮੁਕੰਮਲ-ਸਾਕਸ਼ੀ ਸਾਹਨੀ
ਝੋਨੇ ਦੀ ਖਰੀਦ ਲਈ ਤਿਆਰੀਆਂ ਮੁਕੰਮਲ-ਸਾਕਸ਼ੀ ਸਾਹਨੀ
-ਪਟਿਆਲਾ ਜ਼ਿਲ੍ਹੇ ਅੰਦਰ 109 ਮੰਡੀਆਂ ਸਥਾਪਤ
-ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਰੀਬ 13 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ
-ਦੂਜੇ ਰਾਜਾਂ ਤੋਂ ਝੋਨੇ ਦੀ ਪਟਿਆਲਾ ਜ਼ਿਲ੍ਹੇ ‘ਚ ਆਮਦ ਰੋਕਣ ਲਈ ਵਿਸ਼ੇਸ਼ ਨਾਕਾਬੰਦੀ
ਪਟਿਆਲਾ, 30 ਸਤੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ, ਜਿਸ ਲਈ ਬਾਰਦਾਨਾ, ਟ੍ਰਾਂਸਪੋਰਟ, ਭੰਡਾਰਨ ਸਮੇਤ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਚਾਲੂ ਖਰੀਫ਼ ਸੀਜ਼ਨ ਦੌਰਾਨ ਕਰੀਬ 13 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 109 ਮੰਡੀਆਂ ਖਰੀਦ ਕੇਂਦਰਾਂ ਵਜੋਂ ਅਧਿਸੂਚਿਤ ਕਰ ਦਿੱਤੀਆਂ ਗਈਆਂ ਹਨ ਅਤੇ 83 ਦੇ ਕਰੀਬ ਆਰਜ਼ੀ ਖਰੀਦ ਕੇਂਦਰ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਵੱਲੋਂ ਮੰਡੀਆਂ ‘ਚ ਸਫ਼ਾਈ, ਪਾਣੀ, ਪਖਾਨੇ, ਤਰਪਾਲਾਂ, ਲਾਈਟਾਂ ਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਨਮੀ ਮਾਪਕ ਯੰਤਰਾਂ ਦੀ ਵਿਸ਼ੇਸ਼ ਤੌਰ ‘ਤੇ ‘ਕੈਲੀਬ੍ਰੇਸ਼ਨ’ ਕੀਤੀ ਗਈ ਹੈ ਅਤੇ ਮੰਡੀ ਦੇ ਗੇਟ ‘ਤੇ ਹੀ ਇਹ ਮੀਟਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਮੰਡੀਆਂ ‘ਚ ਆਉਣ ਵਾਲੀ ਜਿਣਸ ‘ਚ ਨਮੀ ਤੈਅ ਮਿਆਰਾਂ ਤੋਂ ਵੱਧ ਨਾ ਹੋਵੇ ਇਸ ਲਈ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਮੰਡੀਆਂ ਵਿੱਚ ਗਿੱਲਾ ਝੋਨਾ ਨਾ ਲਿਆਂਦਾ ਜਾਵੇ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਲਿਸ ਤੇ ਸਬੰਧਤ ਵਿਭਾਗਾਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਦੂਜੇ ਰਾਜਾਂ ਵਿੱਚੋਂ ਝੋਨਾ ਲਿਆ ਕੇ ਜ਼ਿਲ੍ਹੇ ਅੰਦਰ ਨਾ ਵੇਚਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਨਾ ਕੀਤੀ ਜਾਵੇ ਇਸ ਨਾਲ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੰਬਾਇਨਾਂ ‘ਤੇ ਐਸ.ਐਮ.ਐਸ. ਸਿਸਟਮ ਲੱਗਿਆ ਹੋਣਾ ਲਾਜ਼ਮੀ ਹੈ ਇਸ ਲਈ ਕੰਬਾਇਨ ਓਪਰੇਟਰ ਵਾਂਢੀ ਸਮੇਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀ ਕੰਬਾਇਨ ‘ਤੇ ਐਸ.ਐਮ.ਐਸ. ਸਿਸਟਮ ਚੱਲਦਾ ਹੋਵੇ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਇਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਭਾਰਤੀ ਖੁਰਾਕ ਨਿਗਮ, ਪਨਗ੍ਰੇਨ, ਮਾਰਕਫ਼ੈਡ, ਪਨਸਪ ਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ ਖਰੀਦ ਕਾਰਜ ਕੀਤੇ ਜਾਣਗੇ।