ਪਿੰਡ ਜੰਗਪੁਰਾ ਵਿਖੇ ਮਨਾਇਆ ਬਲਾਕ ਪੱਧਰੀ ਪੋਸ਼ਣ ਮਾਹ
ਪਿੰਡ ਜੰਗਪੁਰਾ ਵਿਖੇ ਮਨਾਇਆ ਬਲਾਕ ਪੱਧਰੀ ਪੋਸ਼ਣ ਮਾਹ
ਰਾਜਪੁਰਾ/ਪਟਿਆਲਾ, 30 ਸਤੰਬਰ:
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਦੀ ਅਗਵਾਈ ਵਿੱਚ ਸੁਪਰਵਾਈਜ਼ਰਾਂ ਦੇ ਸਹਿਯੋਗ ਨਾਲ ਬਲਾਕ ਰਾਜਪੁਰਾ ਦੇ ਪਿੰਡ ਜੰਗਪੁਰਾ ਵਿਖੇ ਬਲਾਕ ਪੱਧਰੀ ਪੋਸ਼ਣ ਦਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ ਕੀਤੀ ਗਈ, ਅਨੀਮੀਆ ਅਤੇ ਕੁਪੋਸ਼ਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਬੱਚਿਆਂ ਦੇ ਵਿਕਾਸ ਸਬੰਧੀ ਉਹਨਾਂ ਦੀ ਲੰਬਾਈ ਅਤੇ ਭਾਰ ਤੋਲਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਹੈਲਦੀ ਬੇਬੀ ਸ਼ੋਅ ਵੀ ਕਰਵਾਇਆ ਗਿਆ। ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਮਾਂ ਦੇ ਪਹਿਲੇ ਦੁੱਧ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਪ੍ਰੋਗਰਾਮ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਇਸ ਮੌਕੇ ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਸ਼ਣ 2.0 ਦੇ ਤਹਿਤ ਇਹ ਪੋਸ਼ਣ ਮਹੀਨਾ ਮਨਾਇਆ ਗਿਆ। ਇਸ ਮਹੀਨੇ ਦੌਰਾਨ ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਸਾਫ਼ ਸਫ਼ਾਈ, ਪੌਸ਼ਟਿਕ ਅਹਾਰ, ਅਨੀਮੀਆ ਦੀ ਰੋਕਥਾਮ ਸਬੰਧੀ ਸਾਰੇ ਲਾਭਪਾਤਰੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਪੋਸ਼ਣ ਰੈਲੀ, ਜਾਗੋ, ਰੈਸਪੀ ਮੁਕਾਬਲਾ, ਪੋਸਟਰ ਮੁਕਾਬਲੇ, ਸਲੋਗਨ ਮੁਕਾਬਲੇ, ਬੂਟੇ ਲਗਾਉਣਾ ਆਦਿ ਗਤੀਵਿਧੀਆਂ ਸਤੰਬਰ ਦੇ ਪੂਰੇ ਮਹੀਨੇ ਕਰਵਾਈਆਂ ਗਈਆਂ।
ਇਸ ਮੌਕੇ ’ਤੇ ਐਸ.ਐਮ.ਓ, ਸੁਪਰਵਾਈਜ਼ਰਾਂ ਅਮਰਜੀਤ ਕੌਰ, ਜਗਦੀਪ ਕੌਰ, ਰਜਿੰਦਰ ਕੌਰ, ਬਲਜੀਤ ਕੌਰ, ਬਲਾਕ ਪੋਸ਼ਣ ਕੁਆਰਡੀਨੇਟਰ ਰਿਪੁਲ ਧਵਨ, ਸ਼ਾਰਪ ਐਨ.ਜੀ.ਓ ਦੇ ਪ੍ਰੋਜੈਕਟ ਕੋਆਰਡੀਨੇਟਰ ਸਾਹਿਲ ਗਰਗ ਅਤੇ ਕੁਲਵਿੰਦਰ ਸਿੰਘ, ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਮੌਜੂਦ ਸਨ।