ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਪਾਠਕਾਂ ਨੂੰ ਸਮਰਪਿਤ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਪਾਠਕਾਂ ਨੂੰ ਸਮਰਪਿਤ
-ਕਿਹਾ, ਲਾਇਬ੍ਰੇਰੀ ‘ਚ ਦੇਸ਼ ਦੇ ਮਹਾਨ ਸਪੂਤ ਭਗਤ ਸਿੰਘ ਦਾ ਬੁੱਤ ਨੌਜਵਾਨ ਪਾਠਕਾਂ ਲਈ ਰਾਹਦਸੇਰਾ ਸਾਬਤ ਹੋਵੇਗਾ
-ਸਿਹਤ ਤੇ ਸਿੱਖਿਆ ਖੇਤਰ ‘ਚ ਆਈ ਕਰਾਂਤੀ ਕਰਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ-ਕੋਹਲੀ
ਪਟਿਆਲਾ, 28 ਸਤੰਬਰ:
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਸ਼ਹੀਦ-ਏ-ਆਜ਼ਮ-ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਇੱਥੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਸਥਾਪਤ ਕੀਤਾ ਗਿਆ ਸ਼ਹੀਦ ਭਗਤ ਸਿੰਘ ਦਾ ਬੁੱਤ ਪਾਠਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਮੁੱਖ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਤੇ ਸਮਾਜ ਸੇਵੀ ਵਿਜੇ ਗੋਇਲ ਵੀ ਮੌਜੂਦ ਸਨ।
ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਅਹੁਦੇ ਦੀ ਸਹੁੰ ਚੁੱਕ ਕੇ ਸੂਬੇ ਦੀ ਵਾਂਗਡੋਰ ਸੰਭਾਲੀ ਅਤੇ ਅੱਜ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਵੱਲ ਕਦਮ ਵਧਾਏ ਜਾ ਰਹੇ ਹਨ।
ਕੋਹਲੀ ਨੇ ਕਿਹਾ ਕਿ ਮਹਾਨ ਸ਼ਹੀਦ ਭਗਤ ਸਿੰਘ ਨੇ ਭਰ ਜਵਾਨੀ ਵਿੱਚ ਆਪਣੀ ਜਿੰਦੜੀ ਦੇਸ਼ ਦੇ ਲੇਖੇ ਲਾਈ ਅਤੇ ਆਜ਼ਾਦੀ ਸੰਗਰਾਮ ਨੂੰ ਸਫ਼ਲ ਬਣਾਇਆ, ਅਜਿਹੇ ਮਹਾਨ ਸ਼ਹੀਦ ਦੀ ਯਾਦ ਨੂੰ ਪਟਿਆਲਾ ਦੀ ਅਹਿਮ ਲਾਇਬ੍ਰੇਰੀ ਵਿਖੇ ਸਥਾਪਤ ਕਰਨਾ ਪਾਠਕਾਂ ਤੇ ਖਾਸ ਕਰਕੇ ਨੌਜਵਾਨਾਂ ਲਈ ਸਦਾ ਵਾਸਤੇ ਰਾਹਦਸੇਰਾ ਸਾਬਤ ਹੋਵੇਗੀ।
ਵਿਧਾਇਕ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਵੱਲੋਂ 8 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸਦਾ ਕੰਮ ਵੀ ਬਹੁਤ ਤੇਜੀ ਨਾਲ ਮੁਕੰਮਲ ਕਰਵਾਇਆ ਜਾਵੇਗਾ।
ਅਜੀਤਪਾਲ ਸਿੰਘ ਕੋਹਲੀ ਨੇ ਹੋਰ ਦੱਸਿਆ ਕਿ ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਕਰਕੇ ਇਨ੍ਹਾਂ ਖੇਤਰਾਂ ‘ਚ ਕਰਾਂਤੀ ਆਈ ਹੈ। ਪਹਿਲਾਂ ਰਾਜ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਅਤੇ ਹੁਣ ਖੁਸ਼ੀ ਦੀ ਗੱਲ ਹੈ ਕਿ ਪਟਿਆਲਾ ਦੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਦੇ ਆਧੁਨਿਕੀਕਰਨ ਨਾਲ ਰਾਜ ਦੇ ਸੈਕੰਡਰੀ ਹੈਲਥਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਦੀ ਸ਼ੁਰੂਆਤ 2 ਅਕਤੂਬਰ ਨੂੰ ਪਟਿਆਲਾ ਤੋਂ ਕਰਵਾਈ ਜਾ ਰਹੀ ਹੈ। ਇਸ ਦੌਰਾਨ ਸਕੂਲੀ ਵਿਦਿਆਥੀਆਂ ਨੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ।
