ਕਪੂਰਥਲਾ 'ਚ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਘਰ ਦੇ ਬਾਹਰ ਬਣੀ ਪਾਰਕ ਨੇੜੇ ਬੈਠਾ ਸੀ ਚੀਕੂ

ਕਪੂਰਥਲਾ ‘ਚ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਘਰ ਦੇ ਬਾਹਰ ਬਣੀ ਪਾਰਕ ਨੇੜੇ ਬੈਠਾ ਸੀ ਚੀਕੂ
ਕਪੂਰਥਲਾ, 31 Oct : ਕਪੂਰਥਲਾ ਦੇ ਵਿੱਚ ਪੈਂਦੇ ਪਿੰਡ ਸਿੱਧਵਾਂ ਦੋਨਾ ‘ਚ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਵਿਜੈ ਕੁਮਾਰ ਉਰਫ਼ ਚੀਕੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸਿੱਧਵਾਂ ਦੋਨਾ ਆਪਣੇ ਘਰ ਦੇ ਬਾਹਰ ਬਣੀ ਪਾਰਕ ਨੇੜੇ ਬੈਠਾ ਸੀ। ਇਕ ਗੱਡੀ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਨੌਜਵਾਨ ਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਐੱਸਪੀਡੀ ਰਮਨਿੰਦਰ ਸਿੰਘ ਦਿਓਲ, ਡੀਐੱਸਪੀ ਸਬ ਡਵੀਜ਼ਨ ਮਨਪ੍ਰੀਤ ਸੀਹਮਾਰ, ਐੱਸਐੱਚਓ ਸਦਰ ਇੰਸਪੈਕਟਰ ਸੋਨਮ ਦੀਪ ਕੌਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
