ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ ਕੀਤੀ 'ਆਰਤੀ' ਬਾਰੇ ਖੋਜ

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਨੇ ਕੀਤੀ ‘ਆਰਤੀ’ ਬਾਰੇ ਖੋਜ
-‘ਆਰਤੀ’ ਦੇ 11 ਸਰਵ ਪ੍ਰਵਾਨਿਤ ਕਾਵਿ-ਪਾਠਾਂ ਦੇ ਵਿਸ਼ਲੇਸ਼ਣ ਦੇ ਨਾਲ਼-ਨਾਲ਼ 58 ਅਣਗੌਲ਼ੇ ਪੰਜਾਬੀ ਆਰਤੀ ਕਾਵਿ-ਪਾਠਾਂ ਦਾ ਸੰਕਲਨ ਵੀ ਕੀਤਾ
-‘ਆਰਤੀ’ ਦੇ ਮੁਕਾਬਲੇ ‘ਆਰਤੇ’ ਬਾਰੇ ਆਮ ਧਾਰਨਾਵਾਂ ਤੋਂ ਪਾਰ ਅਰਥ ਲੱਭੇ
– ਗੁਰੂ ਨਾਨਕ ਸਾਹਿਬ ਨੇ ਕਰਮਕਾਂਡੀ ਆਰਤੀ ਦੀ ਸਾਰੀ ਸਮੱਗਰੀ ਨੂੰ ਨਵੇਂ ਅਰਥ ਦਿੱਤੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਪ੍ਰਚੱਲਿਤ ਵੱਖ-ਵੱਖ ਧਾਰਮਿਕ ਕਾਵਿ-ਰੂਪਾਂ ਵਿੱਚੋਂ ਇੱਕ ‘ਆਰਤੀ’ ਬਾਰੇ ਖੋਜ ਕੀਤੀ ਗਈ ਹੈ। ਪੰਜਾਬੀ ਵਿਭਾਗ ਵਿਖੇ ਨਿਗਰਾਨ ਡਾ. ਬੂਟਾ ਸਿੰਘ ਬਰਾੜ ਦੀ ਅਗਵਾਈ ਵਿੱਚ ਖੋਜਾਰਥੀ ਰਾਜਨ ਵੱਲੋਂ ‘ਪੰਜਾਬੀ ਆਰਤੀ-ਕਾਵਿ : ਅਰਥ ਵਿਗਿਆਨਕ ਅਧਿਐਨ’ ਵਿਸ਼ੇ ਉੱਤੇ ਇਹ ਖੋਜ ਕਾਰਜ ਕੀਤਾ ਗਿਆ ਹੈ।
ਇਸ ਖੋਜ-ਪ੍ਰਬੰਧ ਵਿਚ ਖੋਜਾਰਥੀ ਨੇ 11 ਸਰਵ ਪ੍ਰਵਾਨਿਤ ਆਰਤੀ ਕਾਵਿ-ਪਾਠਾਂ ਦੇ ਵਿਸ਼ਲੇਸ਼ਣ ਤੋਂ ਇਲਾਵਾ 58 ਅਣਗੌਲ਼ੇ ਪੰਜਾਬੀ ਆਰਤੀ ਕਾਵਿ-ਪਾਠਾਂ ਦਾ ਸੰਕਲਨ ਵੀ ਕੀਤਾ ਹੈ। ਵੱਖ-ਵੱਖ ਸ੍ਰੋਤਾਂ ਤੋਂ ਇਕੱਤਰ ਇਨ੍ਹਾਂ ਪਾਠਾਂ ਵਿੱਚ ਇੱਕ ਜਗਰਾਤਾ ਦੀ ਆਰਤੀ, 29 ਸਾਂਝੀ ਮਾਈ ਦੀਆਂ ਆਰਤੀਆਂ, ਚਾਰ ਰਵਿਦਾਸੀਆ ਭਾਈਚਾਰੇ ਦੀਆਂ ਆਰਤੀਆਂ, 23 ਨਿਹੰਗ ਸਿੰਘ ਸੰਪ੍ਰਦਾਇ ਦੀਆਂ ਆਰਤੀਆਂ ਅਤੇ ਇੱਕ ਉਦਾਸੀ ਸੰਪਰਦਾਇ ਦਾ ‘ਆਰਤਾ’ ਸ਼ਾਮਲ ਹਨ।
ਡਾ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਭਾਰਤੀ ਅਤੇ ਪੰਜਾਬੀ ਲੋਕ-ਜੀਵਨ ਵਿੱਚ ‘ਆਰਤੀ’ ਸਭ ਤੋਂ ਵੱਧ ਮਕਬੂਲ ਕਾਵਿ-ਰੂਪ ਹੈ। ਮੱਧਕਾਲ ਦੇ ਕਵੀਆਂ ਨੇ ਇਸ ਨੂੰ ਆਪਣੇ ਕਾਵਿਕ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਜਿਸ ਦੇ ਸਿੱਟੇ ਵਜੋਂ ਇਹ ਗੀਤ-ਕਾਵਿ ਬਣ ਕੇ ਲੋਕ-ਮਨ ਅੰਦਰ ਘਰ ਕਰ ਗਿਆ ਅਤੇ ਇਸ ਦਾ ਸੰਬੰਧ ਕਿਸੇ ਪੂਜਨੀਕ ਹਸਤੀ ਜਾਂ ਦੇਵ ਮੂਰਤੀ ਨਾਲ਼ ਜੁੜ ਗਿਆ ਪਰ ਇਸ ਕਾਵਿ-ਰੂਪ ਬਾਰੇ ਬਹੁਤਾ ਗਿਆਨ ਕੇਵਲ ਕੋਸ਼ਾਂ ਅਤੇ ਵਿਸ਼ਵ-ਕੋਸ਼ਾਂ ਵਿੱਚ ‘ਆਰਤੀ’ ਪਦ ਨਾਲ ਸੰਬੰਧਿਤ ਪਰਿਭਾਸ਼ਾਵਾਂ ਦੇ ਰੂਪ ਵਿੱਚ ਹੀ ਮਿਲਦਾ ਹੈ। ਇਸ ਕਾਵਿ-ਰੂਪ ਸੰਬੰਧੀ ਖੋਜ-ਪਾੜੇ ਨੂੰ ਭਰਨ ਦਾ ਉਪਰਾਲਾ ਇਸ ਖੋਜ ਕਾਰਜ ਰਾਹੀਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ‘ਆਰਤੀ’ ਪੰਜਾਬੀ ਦਾ ਇੱਕ ਧਾਰਮਿਕ ਪ੍ਰਕਿਰਤੀ ਵਾਲ਼ਾ ਮੌਲਿਕ ਅਤੇ ਪਰੰਪਰਾਗਤ ਕਾਵਿ-ਰੂਪ ਹੈ। ਇਸ ਦੀ ਵਿਕਾਸ-ਯਾਤਰਾ ਦੀ ਦਿਸ਼ਾ ਰੀਤ ਤੋਂ ਕਾਵਿ ਵੱਲ ਦੀ ਹੈ। ਰੀਤ ਪੱਖੋਂ ਇਸ ਦੇ ਬੀਜ ਸਨਾਤਨ ਧਰਮ ਵਿੱਚ ਕੀਤੇ ਜਾਂਦੇ ‘ਯੱਗ’ ਅਨੁਸ਼ਠਾਨ ਵਿਚ ਪ੍ਰਜ੍ਵਲਿਤ ਹੋਣ ਵਾਲ਼ੀ ‘ਅਗਨੀ’ ਵਿੱਚ ਪਏ ਹਨ, ਜੋ ਕਾਲਾਂਤਰ ਨਾਲ ਪੂਜਾ-ਵਿਧਾਨ ਵਿਚ ‘ਜੋਤ’ ਵਜੋਂ ਰੂਪਾਂਤਰਿਤ ਹੋ ਜਾਂਦੀ ਹੈ। ਪੰਜਾਬੀ ਆਰਤੀ-ਕਾਵਿ ਵਿਚ ਆਰਤੀ ਦੇ ਨਾਲ਼-ਨਾਲ਼ ‘ਆਰਤਾ’ ਸਿਰਲੇਖ ਵਾਲੀਆਂ ਰਚਨਾਵਾਂ ਵੀ ਪ੍ਰਚੱਲਿਤ ਹਨ। ਉਨ੍ਹਾਂ ਦੱਸਿਆ ਕਿ ਆਮ ਧਾਰਨਾ ਅਨੁਸਾਰ ਆਰਤਾ, ਆਰਤੀ ਦੇ ਮੁਕਾਬਲੇ ਇੱਕ ਵੱਡੇ ਆਕਾਰ ਦੀ ਰਚਨਾ ਸਮਝਿਆ ਜਾਂਦਾ ਹੈ ਪਰ ਖੋਜਾਰਥੀ ਨੇ ਆਰਤੇ ਬਾਰੇ ਇਸ ਧਾਰਨਾ ਤੋਂ ਪਾਰ ਆਰਤਾ ਦਾ ਅਰਥ ਇੱਕ ਸੰਕਟਗ੍ਰਸਤ ਵਿਅਕਤੀ ਸਿੱਧ ਕੀਤਾ ਹੈ, ਜੋ ਆਪਣੀਆਂ ਲੌਕਿਕ ਲੋੜਾਂ ਪੂਰੀਆਂ ਨਾ ਹੋਣ ਉੱਤੇ ਨਿਰਾਸ਼ ਅਵਸਥਾ ਵਿੱਚ ਅਲੌਕਿਕ ਦੈਵੀ ਸ਼ਕਤੀ ਅੱਗੇ ਨਤਮਸਤਕ ਹੁੰਦਾ ਦਿਖਾਈ ਦਿੰਦਾ ਹੈ।
ਖੋਜਾਰਥੀ ਰਾਜਨ ਨੇ ਦੱਸਿਆ ਕਿ ਖੋਜ-ਪ੍ਰਬੰਧ ਵਿਚ ਉਸ ਨੇ ਖੋਜ-ਕਾਰਜ ਲਈ ਪੰਜਾਬ ਦੇ ਲੋਕ-ਧਾਰਮਿਕ ਸਾਹਿਤ, ਨਾਥ-ਜੋਗੀ ਸਾਹਿਤ, ਗੁਰਮਤਿ ਸਾਹਿਤ ਅਤੇ ਆਧੁਨਿਕ ਪੰਜਾਬੀ ਸਾਹਿਤ ਵਿੱਚ ਮਿਲਦੀ ਖੋਜ-ਸਮੱਗਰੀ ਦੀ ਚੋਣ ਕੀਤੀ ਹੈ। ਖੋਜਾਰਥੀ ਨੇ ਪੰਜਾਬੀ ਆਰਤੀ-ਕਾਵਿ ਨੂੰ ਨਿਰਗੁਣ ਅਤੇ ਸਰਗੁਣ ਵਰਗਾਂ ਵਿਚ ਵੰਡਿਆ ਹੈ। ਸਰਗੁਣ ਪੰਜਾਬੀ ਆਰਤੀ-ਕਾਵਿ ਦੀ ਤੰਦ ਭਾਰਤੀ ਧਰਮ-ਪਰੰਪਰਾ ਦੇ ਵੈਸ਼ਨਵ, ਸ਼ੈਵ ਅਤੇ ਸ਼ਾਕਤ ਮਤ ਨਾਲ ਜੁੜਦੀ ਹੈ। ਭਾਵੇਂ ਦੋਹਾਂ ਵਰਗਾਂ ਦਾ ਕੇਂਦਰੀ ਸਰੋਕਾਰ ‘ਬ੍ਰਹਮ ਨਾਲ ਇਕਸੁਰਤਾ ਪ੍ਰਾਪਤ ਕਰਨਾ ਹੈ ਪਰ ਦੋਵਾਂ ਦੇ ਸਾਧਨਾ-ਮਾਰਗ ਵੱਖ-ਵੱਖ ਹਨ। ਸਰਗੁਣ ਆਰਤੀ-ਕਾਵਿ ਦਾ ਸਾਧਨਾ-ਮਾਰਗ ਕਰਮਕਾਂਡੀ ਹੈ ਪਰ ਨਿਰਗੁਣ ਆਰਤੀ-ਕਾਵਿ ਦਾ ਸਾਧਨਾ-ਮਾਰਗ ਅੰਤਰਮੁਖੀ ਸੁਭਾਅ ਵਾਲਾ ਹੈ। ਨਿਰਗੁਣ ਆਰਤੀਕਾਰਾਂ ਅਨੁਸਾਰ ਬ੍ਰਹਮ ਨੂੰ ਕਿਸੇ ਬਾਹਰੀ ਕਰਮਕਾਂਡ ਨਾਲ ਨਹੀਂ ਰਿਝਾਇਆ ਜਾ ਸਕਦਾ ਬਲਕਿ ਸਮੁੱਚੀ ਸ੍ਰਿਸ਼ਟੀ ਆਪਣੇ ਵਿਸ਼ਾਲ ਰੂਪ ਵਿੱਚ ਉਸ ਪ੍ਰਭੂ ਦੀ ਆਰਤੀ ਵਿੱਚ ਮਗਨ ਹੈ। ਇਸੇ ਪ੍ਰਸੰਗ ਵਿੱਚ ਗੁਰੂ ਨਾਨਕ ਸਾਹਿਬ ਨੇ ਕਰਮਕਾਂਡੀ ਆਰਤੀ ਦੀ ਸਾਰੀ ਸਮੱਗਰੀ ਨੂੰ ਨਵੇਂ ਅਰਥ ਦਿੱਤੇ ਹਨ। ਇਉਂ ਆਰਤੀ ਕਿਸੇ ਦੈਵੀ ਹੋਂਦ ਦੇ ਸਨਮੁੱਖ ਦੁਹਰਾਇਆ ਜਾਣ ਵਾਲ਼ਾ ਕਰਮਕਾਂਡੀ ਉਪਾਸਨਾ-ਗੀਤ ਦੀ ਥਾਂ ਨਿਰਾਕਾਰ ਬ੍ਰਹਮ ਸਾਹਮਣੇ ਸਮੁੱਚੇ ਬ੍ਰਹਿਮੰਡ ਦੀ ਉਪਾਸਨਾ ਦਾ ਅਨੋਖਾ ਅਹਿਸਾਸ ਜਗਾਉਣ ਵਾਲੀ ਪਾਠ ਬਣ ਜਾਂਦਾ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜਾਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਖੋਜ-ਕਾਰਜ ਅਤੇ ਵਿਸ਼ੇਸ਼ ਤੌਰ ਉੱਤੇ ਪੰਜਾਬੀ ਭਾਸ਼ਾ ਵਿਚ ਮੌਜੂਦ ਆਰਤੀ ਕਾਵਿ-ਪਾਠਾਂ ਦੇ ਇਕੱਤਰੀਕਰਨ ਲਈ ਵਿਸ਼ੇਸ਼ ਵਧਾਈ ਦਿੱਤੀ। ਉਨ੍ਹਾਂ ਉਮੀਦ ਜਤਾਈ ਕਿ ਇਹ ਕਾਵਿ-ਪਾਠ ਅਗਲੇਰੇ ਖੋਜਾਰਥੀਆਂ ਦੀ ਖੋਜ ਵਿਚ ਸਹਾਈ ਹੋਣਗੇ।
