ਕੇਰਲ ਦੇ ਏਰਨਾਕੁਲਮ 'ਚ ਇਕ ਕਨਵੈਨਸ਼ਨ ਸੈਂਟਰ 'ਚ ਜ਼ਬਰਦਸਤ ਧਮਾਕਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 29 October, 2023, 04:02 PM

ਕੇਰਲ ਦੇ ਏਰਨਾਕੁਲਮ ‘ਚ ਇਕ ਕਨਵੈਨਸ਼ਨ ਸੈਂਟਰ ‘ਚ ਜ਼ਬਰਦਸਤ ਧਮਾਕਾ
ਧਮਾਕੇ ‘ਚ ਇਕ ਵਿਅਕਤੀ ਦੀ ਮੌਤ, ਅਗਲੇ ਇਕ ਘੰਟੇ ‘ਚ ਕਈ ਧਮਾਕੇ ਹੋਏ
ਕੇਰਲ, 29 Oct : ਕੇਰਲ ਦੇ ਏਰਨਾਕੁਲਮ ‘ਚ ਇਕ ਕਨਵੈਨਸ਼ਨ ਸੈਂਟਰ ‘ਚ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਲਾਮਾਸੇਰੀ ਪੁਲਿਸ ਨੇ ਦੱਸਿਆ ਕਿ ਇੱਥੇ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਕਲਾਮਾਸੇਰੀ ਇਲਾਕੇ ‘ਚ ਈਸਾਈਆਂ ਦੀ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਧਮਾਕਿਆਂ ਵੇਲੇ ਮੌਕੇ ‘ਤੇ 2000 ਲੋਕ ਮੌਜੂਦ ਸਨ ਜਿਨ੍ਹਾਂ ‘ਚੋਂ ਇਕ ਦੀ ਮੌਤ ਹੋਣ ਦੀ ਖ਼ਬਰ ਹੈ। ਕੇਰਲ ਦੇ ਡੀਜੀਪੀ ਡਾਕਟਰ ਸ਼ੇਖ ਦਰਵੇਸ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਧਮਾਕੇ ਇੱਕ IED ਡਿਵਾਇਸ ਦੁਆਰਾ ਕੀਤੇ ਗਏ ਸਨ।
ਡੀਜੀਪੀ ਨੇ ਦੱਸਿਆ ਕਿ ਅੱਜ ਸਵੇਰੇ 9:40 ਵਜੇ ਜਮਰਾ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿੱਚ ਧਮਾਕਾ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 36 ਲੋਕ ਇਲਾਜ ਚਲ ਰਿਹਾ ਹੈ।
ਕੇਰਲ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਨੇ ਧਮਾਕਿਆਂ ਵਿੱਚ ਵਰਤੀ ਗਈ ਸਮੱਗਰੀ ਨੂੰ ਇਕੱਠਾ ਕਰਨ ਤੇ ਜਾਂਚ ਕਰਨ ਲਈ ਦਿੱਲੀ ਤੋਂ ਆਪਣੀ ਇੱਕ ਬੰਬ ਨਿਰੋਧਕ ਟੀਮ ਨੂੰ ਕੇਰਲ ਭੇਜਿਆ ਹੈ।
ਵਿਦੇਸ਼ ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਘਟਨਾ ਦੇ ਸਬੰਧ ਵਿੱਚ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਘਟਨਾ ਦੀ ਤਹਿ ਤੱਕ ਪਹੁੰਚ ਕੇ ਦੋਸ਼ੀਆਂ ਦਾ ਪਤਾ ਲਗਾ ਲੈਣਗੇ।
ਕਲਾਮਾਸੇਰੀ ਸੀਆਈ ਵਿਬਿਨ ਦਾਸ ਨੇ ਦੱਸਿਆ ਕਿ ਪਹਿਲਾ ਧਮਾਕਾ ਸਵੇਰੇ 9 ਵਜੇ ਦੇ ਕਰੀਬ ਹੋਇਆ ਤੇ ਅਗਲੇ ਇਕ ਘੰਟੇ ‘ਚ ਕਈ ਧਮਾਕੇ ਹੋਏ। 27 ਅਕਤੂਬਰ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ਮੀਟਿੰਗ ਦਾ ਐਤਵਾਰ ਨੂੰ ਆਖਰੀ ਦਿਨ ਸੀ। ਅਧਿਕਾਰੀਆਂ ਅਨੁਸਾਰ ਧਮਾਕੇ ਦੇ ਸਮੇਂ 2,000 ਤੋਂ ਵੱਧ ਲੋਕ ਪ੍ਰਾਰਥਨਾ ਸਭਾ ‘ਚ ਸ਼ਾਮਲ ਸਨ।