ਬਠਿੰਡਾ ਪੁਲਿਸ ਵੱਲੋਂ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ, ਸੂਹ ਦੇਣ ਵਾਲੇ ਨੂੰ 2 ਲੱਖ ਦਾ ਇਨਾਮ

ਬਠਿੰਡਾ ਪੁਲਿਸ ਵੱਲੋਂ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ, ਸੂਹ ਦੇਣ ਵਾਲੇ ਨੂੰ 2 ਲੱਖ ਦਾ ਇਨਾਮ
ਬਠਿੰਡਾ: ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਕੱਲ੍ਹ ਸ਼ਾਮ ਇੱਥੇ ਹਨੂੰਮਾਨ ਚੌਕ ਨਜ਼ਦੀਕ ਮਾਲ ਰੋਡ ’ਤੇ ਸਥਿਤ ‘ਹਰਮਨ ਅੰਮ੍ਰਿਤਸਰੀ ਕੁਲਚਾ’ ਦੇ ਮਾਲਕ ਤੇ ਮਾਲ ਰੋਡ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਹੁਣ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਤੇ ਜਾਣਕਾਰੀ ਦੇਣ ਵਾਲੇ ਨੂੰ ਦੋ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।ਜਾਣਕਾਰੀ ਅਨੁਸਾਰ ਘਟਨਾ ਵੇਲੇ ਉਹ ਆਪਣੇ ਰੈਸਤਰਾਂ ਦੇ ਬਾਹਰ ਕੁਰਸੀ ’ਤੇ ਬੈਠਾ ਸੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਫ਼ਰਾਰ ਹੋ ਗਏ। ਰੈਸਤਰਾਂ ਦੇ ਮੁਲਾਜ਼ਮ ਮੰਗੂ ਨੇ ਦੱਸਿਆ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਬਾਜ਼ਾਰ ਵਾਲੇ ਪਾਸਿਓਂ ਆਏ ਅਤੇ ਉਨ੍ਹਾਂ ਰੈਸਟਰਾਂ ਦੇ ਮਾਲਕ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਗੰਭੀਰ ਜ਼ਖ਼ਮੀ ਹਰਜਿੰਦਰ ਸਿੰਘ ਨੂੰ ਇਲਾਜ ਲਈ ਫੌਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਮੈਕਸ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ।
