DGP ਗੌਰਵ ਯਾਦਵ ਦੀ ਨਿਯੁਕਤੀ ਨੂੰ CAT ’ਚ ਚੁਣੌਤੀ, ਵੀਕੇ ਭਾਵੜਾ ਨੇ ਕਿਹਾ- UPSC ਨਿਯਮਾਂ ਦੀ ਹੋਈ ਉਲੰਘਣਾ

DGP ਗੌਰਵ ਯਾਦਵ ਦੀ ਨਿਯੁਕਤੀ ਨੂੰ CAT ’ਚ ਚੁਣੌਤੀ, ਵੀਕੇ ਭਾਵੜਾ ਨੇ ਕਿਹਾ- UPSC ਨਿਯਮਾਂ ਦੀ ਹੋਈ ਉਲੰਘਣਾ
ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਤੇ ਸਾਬਕਾ ਡੀਜੀਪੀ ਵੀਕੇ ਭਾਵੜਾ (VK Bhawra) ਨੇ ਸੈਂਟਰ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ (CAT) ਚੰਡੀਗੜ੍ਹ ’ਚ ਇਕ ਅਰਜ਼ੀ ਦਾਖ਼ਲ ਕੀਤੀ ਹੈ, ਜਿਸ ’ਚ ਸਾਲ 1992 ਬੈਚ ਦੇ ਆਈਪੀਐੱਸ ਗੌਰਵ ਯਾਦਵ (Gaurav Yadav) ਦੀ ਪੰਜਾਬ ਪੁਲਿਸ (Punjab Police) ਦੇ ਪ੍ਰਮੁੱਖ ਦੇ ਰੂਪ ’ਚ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਹੈ। ਭਾਵੜਾ ਫਿਲਹਾਲ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਨ। ਉਨ੍ਹਾਂ ਦੀ ਅਰਜ਼ੀ ’ਤੇ ਸੁਣਵਾਈ ਸੋਮਵਾਰ ਯਾਨੀ ਅੱਜ ਹੋਵੇਗੀ। ਅਰਜ਼ੀ ’ਚ ਕੇਂਦਰੀ ਗ੍ਰਹਿ ਮੰਤਾਰਲੇ ਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੈ।
1987 ਬੈਚ ਦੇ ਆਈਪੀਐੱਸ ਅਧਿਕਾਰੀ ਵੀਕੇ ਭਾਵੜਾ ਵੱਲੋਂ ਦਾਖ਼ਲ ਅਰਜ਼ੀ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਡੀਜੀਪੀ ਨਿਯੁਕਤੀ ’ਚ ਸੰਘ ਲੋਕ ਸੇਵਾ ਕਮਿਸ਼ਨ (UPSC) ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੌਰਵ ਯਾਦਵ ਪਿਛਲੇ ਡੇਢ ਸਾਲ ਤੋਂ ਕਾਰਜਕਾਰੀ ਡੀਜੀਪੀ ਬਣੇ ਹੋਏ ਹਨ। ਸਰਕਾਰ ਵੱਲੋਂ ਆਰਜ਼ੀ ਡੀਜੀਪੀ ਲਗਾਉਣ ਲਈ ਅਜੇ ਤੱਕ ਯੂਪੀਐੱਸਐੱਸੀ ਨੂੰ ਕੋਈ ਪੈਨਲ ਨਹੀਂ ਭੇਜਿਆ ਗਿਆ। ਸੀਨੀਅਰਤਾ ਦੀ ਗੱਲ ਕੀਤੀ ਜਾਵੇ ਤਾਂ ਵੀਕੇ ਭਾਵੜਾ ਲਿਸਟ ’ਚ ਸੀਨੀਅਰ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਆਈਪੀਐੱਸ ਅਧਿਕਾਰੀ ਮੁਹੰਮਦ ਮੁਸਤਫਾ ਤੇ ਸੁਰੇਸ਼ ਅਰੋੜਾ ਦਾ ਮਾਮਲਾ ਵੀ ਕੈਟ ’ਚ ਗਿਆ ਸੀ। ਕੈਟ ਵੱਲੋਂ ਜਿਹੜਾ ਫ਼ੈਸਲਾ ਦਿੱਤਾ ਗਿਆ ਸੀ ਉਸ ਨੂੰ ਹਾਈ ਕੋਰਟ ਵੱਲੋਂ ਪਲਟ ਦਿੱਤਾ ਗਿਆ ਸੀ। ਬੀਤੇ ਸਾਲ ਡੀਜੀਪੀ ਵੀਕੇ ਭਾਵੜਾ ਦੋ ਮਹੀਨੇ ਦੀ ਛੁੱਟੀ ’ਤੇ ਚਲੇ ਗਏ ਸਨ। ਗ੍ਰਹਿ ਵਿਭਾਗ ਨੂੰ ਲਿਖੇ ਪੱਤਰ ’ਚ ਭਾਵੜਾ ਨੇ ਛੁੱਟੀ ਲੈਣ ਦਾ ਕਾਰਨ ਨਿੱਜੀ ਦੱਸਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਡੀਜੀਪੀ ਦੀ ਸਥਾਈ ਨਿਯੁਕਤੀ ਦੀ ਬਜਾਏ ਕਾਰਜਕਾਰੀ ਡੀਜੀਪੀ ਲਗਾਇਆ। ਅਹੁਦਾ ਖ਼ਾਲੀ ਹੋਣ ਤੋਂ ਬਾਅਦ ਵੀ ਕਰੀਬ ਡੇਢ ਸਾਲ ਤੋਂ ਸੂਬਾ ਸਰਕਾਰ ਵੱਲੋਂ ਨਵੇਂ ਡੀਜੀਪੀ ਦਾ ਪੈਨਲ ਯੂਪੀਐੱਸਸੀ ਨੂੰ ਨਹੀਂ ਭੇਜਿਆ ਗਿਆ। ਉਸ ਸਮੇਂ ਕਾਰਜਕਾਰੀ ਡੀਜੀਪੀ ਲੱਗਣ ਦੀ ਦੌੜ ’ਚ ਹਰਪ੍ਰੀਤ ਸਿੰਘ ਸਿੱਧੂ ਤੇ ਗੌਰਵ ਯਾਦਵ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਸੀ। ਗੌਰਵ ਯਾਦਵ ਨੂੰ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਦਾ ਸਪੈਸ਼ਲ ਪਿ੍ਰੰਸੀਪਲ ਸੈਕਟਰੀ ਨਿਯੁਕਤ ਕੀਤਾ ਗਿਆ ਸੀ। ਸਿੱਧੂ ਕੋਲ ਐੱਸਟੀਐੱਫ ਚੀਫ ਦੀ ਕਮਾਨ ਸੀ। ਇਸ ਤੋਂ ਇਲਾਵਾ ਆਈਪੀਐੱਸ ਸ਼ਰਦ ਸੱਤਿਆ ਚੌਹਾਨ, ਸੰਜੀਵ ਕਾਲੜਾ ਵੀ ਦੌੜ ’ਚ ਸ਼ਾਮਿਲ ਸਨ, ਪਰ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਗਿਆ।
