ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ ਨੇ ‘ਇਕਬਾਲ ਦਿਵਸ’ ਮਨਾਇਆ
ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ ਨੇ ‘ਇਕਬਾਲ ਦਿਵਸ’ ਮਨਾਇਆ
-ਪੰਜਾਬ ਨਾਲ਼ ਸੰਬੰਧਤ ਉਰਦੂ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੇ ਸਕੂਲਾਂ ਦੇ ਸਲੇਬਸ ਵਿੱਚ ਸ਼ਾਮਿਲ ਕਰਨ ਦੀ ਜ਼ਰੂਰਤ : ਪ੍ਰੋ. ਅਰਵਿੰਦ
ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੇ ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ ਵੱਲੋਂ ਉਰਦੂ ਫ਼ਾਰਸੀ ਭਾਸ਼ਾਵਾਂ ਦੇ ਉੱਘੇ ਸ਼ਾਇਰ ਡਾ. ਇਕਬਾਲ ਦੇ ਜਨਮ ਦਿਨ ਉੱਤੇ ‘ਇਕਬਾਲ ਦਿਵਸ’ ਮਨਾਇਆ ਗਿਆ। ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਵਜੋਂ ਡਾ. ਮੁਹੰਮਦ ਰਫ਼ੀ ਰਿਟਾਇਰਡ ਏ.ਡੀ.ਪੀ.ਆਈ ਪੰਜਾਬ ਵਿਸ਼ੇਸ ਤੌਰ ਉੱਤੇ ਪਹੁੰਚੇ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਡਾ. ਇਕਬਾਲ ਦੀ ਸ਼ਾਇਰੀ ਦਾ ਫ਼ਲਸਫ਼ਾ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਅਤੇ ਨਾਲ ਹੀ ਉਰਦੂ ਸ਼ਾਇਰੀ ਦੇ ਮੁੱਢਲੇ ਨੁਕਤਿਆਂ ਉੱਤੇ ਵੀ ਰੋਸ਼ਨੀ ਪਾਈ।
ਮਹਿਮਾਨ ਸ਼ਾਇਰ ਵਜੋਂ ਪਹੁੰਚੇ ਜਨਾਬ ਅਮਰਦੀਪ ਸਿੰਘ ‘ਅਮਰ’ ਨੇ ਆਪਣੇ ਕਲਾਮ ਨਾਲ਼ ਸਰੋਤਿਆਂ ਨੂੰ ਨਵਾਜਿਆ।
ਸਮਾਗਮ ਦੇ ਸ਼ੁਰੂ ਵਿਚ ਉਰਦੂ ਫ਼ਾਰਸੀ ਅਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ ਨੇ ਵਿਭਾਗ ਦੀ ਕਾਰਗੁਜਾਰੀ ਅਤੇ ਡਾ. ਇਕਬਾਲ ਦੀ ਜੀਵਨੀ ਉੱਤੇ ਭਰਪੂਰ ਚਾਨਣਾ ਪਾਇਆ।
ਵਾਈਸ ਚਾਂਸਲਰ ਡਾ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਉਰਦੂ ਆਪਸੀ ਪਿਆਰ ਮੁਹੱਬਤ ਨੂੰ ਵਧਾਉਣ ਵਾਲੀ ਜ਼ੁਬਾਨ ਹੈ। ਉਨ੍ਹਾਂ ਕਿਹਾ ਕਿ ਇੱਕ ਗੱਲ ਤਾਂ ਦਾਅਵੇ ਨਾਲ਼ ਕਹੀ ਜਾ ਸਕਦੀ ਹੈ ਕਿ ਉਰਦੂ ਜ਼ੁਬਾਨ ਕਿਸ ਧਰਤੀ ਉੱਤੇ ਵਿਗਸੀ ਹੈ। ਉਨ੍ਹਾਂ ਕਿਹਾ ਕਿ ਉਰਦੂ ਅਤੇ ਪੰਜਾਬੀ ਜ਼ੁਬਾਨਾਂ ਦੀ ਇਹ ਸਾਂਝ ਹੈ ਕਿ ਦੋਹਾਂ ਨੂੰ ਹੁਕਮਰਾਨਾਂ ਦੀ ਸਰਪ੍ਰਸਤੀ ਹਾਸਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਰਦੂ ਜ਼ੁਬਾਨ ਨੂੰ ਪ੍ਰਫੁੱਲਤ ਕਰਨ ਲਈ ਹਰੇਕ ਵਰਗ ਦੇ ਵਿਅਕਤੀਆਂ ਨੇ ਹਿੱਸਾ ਪਾਇਆ ਹੈ। ਉਰਦੂ ਜ਼ੁਬਾਨ ਅਮੀਰ ਸਰਮਾਏ ਦੀ ਅਵਾਮੀ ਜ਼ੁਬਾਨ ਹੈ। ਉਨ੍ਹਾਂ ਕਿਹਾ ਕਿ ਡਾ. ਅਲਾਮਾ ਇਕਬਾਲ, ਸਾਹਿਰ ਲੁਧਿਆਣਵੀ ਅਤੇ ਫ਼ੈਜ਼ ਅਹਿਮਦ ਫ਼ੈਜ਼ ਜਿਹੇ ਪੰਜਾਬ ਨਾਲ਼ ਸੰਬੰਧਤ ਉਰਦੂ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੇ ਸਕੂਲਾਂ ਦੇ ਸਲੇਬਸ ਵਿੱਚ ਸ਼ਾਮਿਲ ਕਰਨ ਦੀ ਵੀ ਜ਼ਰੂਰਤ ਹੈ। ਉਨ੍ਹਾਂ ਅੱਲਾਮਾ ਇਕਬਾਲ ਦੇ ਸ਼ਿਅਰੀ ਫ਼ਲਸਫ਼ੇ ਨੂੰ ਅੱਜ ਦੇ ਸੰਦਰਭ ਵਿਚ ਸਮਝਣ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਫ਼ਾਰਸੀ ਉਰਦੂ ਅਤੇ ਅਰਬੀ ਵਿਭਾਗ ਦੇ ਵਿਦਿਆਰਥੀਆਂ ਨੇ ਡਾ. ਇਕਬਾਲ ਦਾ ਉਰਦੂ ਫ਼ਾਰਸੀ ਕਲਾਮ ਸੁਣਾਇਆ। ਜਨਾਬ ਅਜਮਲ ਖ਼ਾਨ ਸ਼ੇਰਵਾਨੀ ਅਤੇ ਡਾ. ਅਯੂੱਬ ਖ਼ਾਨ ਨੇ ਵੀ ਆਪਣੇ ਕਲਾਮ ਨਾਲ ਸਰੋਤਿਆਂ ਨੂੰ ਕੀਲਿਆ। ਅੰਤ ਵਿਚ ਪ੍ਰੋਫ਼ੈਸਰ ਰਾਜਿੰਦਰ ਪਾਲ ਸਿੰਘ ਬਰਾੜ ਡੀਨ ਭਾਸ਼ਾਵਾਂ ਨੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ । ਇਸ ਸਮਾਗਮ ਦਾ ਸੰਚਾਲਨ ਕਾਰਜ ਡਾ. ਮੁੱਦਸਰ ਰਸ਼ੀਦ ਨੇ ਬਖ਼ੂਬੀ ਕੀਤਾ।