ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪ੍ਰਭਦੀਪ ਸਿੰਘ ’ਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ

ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪ੍ਰਭਦੀਪ ਸਿੰਘ ’ਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ
ਅੰਮ੍ਰਿਤਸਰ : ਥਾਣਾ ਸਦਰ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਭੁੱਲਰ ਐਵੀਨਿਊ ਵਿਖੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪ੍ਰਭਦੀਪ ਸਿੰਘ ’ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਉਹ ਸੈਰ ਕਰਨ ਲਈ ਨਿਕਲਿਆ ਸੀ। ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਉਸ ਨੂੰ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਵੱਲੋਂ ਉਸ ‘ਤੇ ਕਰੀਬ ਚਾਰ ਗੋਲੀਆਂ ਚਲਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਇੰਸਪੈਕਟਰ ਪ੍ਰਭਦੀਪ ਸਿੰਘ ਉਹੀ ਅਧਿਕਾਰੀ ਹੈ, ਜਿਸ ਨੇ ਤਰਤਾਰਨ ‘ਚ ਇਕ ਵਿਧਾਇਕ ਦੇ ਰਿਸ਼ਤੇਦਾਰ ਖਿਲਾਫ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਇੰਸਪੈਕਟਰ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ‘ਚ ਤਾਇਨਾਤ ਹੈ ਤੇ ਉਸ ਦਾ ਘਰ ਵੀ ਭੁੱਲਰ ‘ਚ ਹੈ। ਰੋਜ਼ਾਨਾ ਵਾਂਗ ਉਹ ਬੁੱਧਵਾਰ ਸਵੇਰੇ ਸੈਰ ਲਈ ਨਿਕਲਿਆ ਸੀ ਕਿ ਕੁਝ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਥਾਣਾ ਸਦਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
