ਪੰਜਾਬੀ ਨੌਜਵਾਨ ਅਣਅਧਿਕਾਰਿਤ ਤੌਰ ਤੇ ਵਿਦੇਸ਼ ਨਾ ਜਾਣ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਪੰਜਾਬੀ ਨੌਜਵਾਨ ਅਣਅਧਿਕਾਰਿਤ ਤੌਰ ਤੇ ਵਿਦੇਸ਼ ਨਾ ਜਾਣ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 4 ਅਕਤੂਬਰ ( )ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪ੍ਰਵਾਸ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਅਣਅਧਿਕਾਰਤ ਢੰਗ ਨਹੀਂ ਅਪਨਾਉਣੇ ਚਾਹੀਦੇ। ਉਨ੍ਹਾਂ ਕਿਹਾ ਪੰਜਾਬ ਵਿਚੋਂ ਕਾਨੂੰਨੀ ਤੇ ਗ਼ੈਰ ਕਨੂੰਨੀ ਤਰੀਕੇ ਨਾਲ ਕਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਪ੍ਰਵਾਸ ਤੇਜ਼ੀ ਨਾਲ ਹੋ ਰਿਹਾ ਹੈ। 1980 ਦੇ ਦੁਖਾਂਤਕ ਸਮਿਆਂ ਤੋਂ ਬਾਅਦ ਵਿਦਿਅਕ ਮਿਆਰ ਡਿੱਗਾ ਹੈ ਅਤੇ ਨਸ਼ਿਆਂ ਦਾ ਫੈਲਾਅ, ਬੇਰੁਜ਼ਗਾਰੀ ਅਤੇ ਪ੍ਰਬੰਧਕੀ ਢਾਂਚੇ ਵਿਚ ਆਮ ਆਦਮੀ ਦੀ ਬੇਹੁਰਮਤੀ ਇਸ ਦੇ ਮੁਖ ਕਾਰਨ ਹਨ। ਪੰਜਾਬੀ ਆਪਣੀ ਧਰਤੀ ਨੂੰ ਸਲਾਹੁਣ ਤੇ ਇਸ ਨੂੰ ਪਿਆਰ ਕਰਨ ਦੇ ਵਡੇ ਦਾਅਵੇ ਕਰਦੇ ਹਨ; ਵਡੀ ਗਿਣਤੀ ਵਿਚ ਪੰਜਾਬੀ ਆਪਣਾ ਭਵਿਖ ਕੈਨੇਡਾ, ਅਮਰੀਕਾ, ਆਸਟਰੇਲੀਆ ਆਦਿ ਦੇਸ਼ਾਂ ਵਿਚ ਤਲਾਸ਼ ਕਰਨ ਦਾ ਯਤਨ ਕਰ ਰਹੇ ਹਨ।
ਉਨ੍ਹਾਂ ਵੇਰਵੇ ਦੇਂਦਿਆ ਕਿਹਾ ਅਮਰੀਕਾ ਦੇ ਕਸਟਮ ਤੇ ਸਰਹਦੀ ਸੁਰਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਅਕਤੂਬਰ 2022 ਤੋਂ ਸਤੰਬਰ 2023 ਵਿਚਕਾਰ ਅਮਰੀਕਾ-ਮੈਕਸਿਕੋ ਅਤੇ ਅਮਰੀਕਾ-ਕੈਨੇਡਾ ਸਰਹਦਾਂ `ਤੇ 96,917 ਭਾਰਤੀ ਗ਼ੈਰ-ਕਾਨੂੰਨੀ ਤੌਰ `ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ; ਇਨ੍ਹਾਂ ਵਿਚ 30,010 ਕੈਨੇਡਾ ਵਾਲੇ ਪਾਸਿਓਂ ਫੜੇ ਗਏ, 41,770 ਮੈਕਸਿਕੋ ਵਾਲੇ ਪਾਸੇ ਤੋਂ ਅਤੇ ਬਾਕੀ ਦੇ ਅਮਰੀਕਾ ਵਿਚ ਦਾਖ਼ਲ ਹੋਣ ਤੋਂ ਬਾਅਦ ਫੜੇ ਗਏ। 2019-20 ਵਿਚ 19,833 ਕੇਵਲ ਭਾਰਤੀ ਅਜਿਹੇ ਯਤਨ ਕਰਦੇ ਫੜੇ ਗਏ ਸਨ। ਉਨ੍ਹਾਂ ਕਿਹਾ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ ਅਤੇ ਮਨੁੱਖੀ ਆਧਾਰ `ਤੇ ਅਮਰੀਕਾ ਵਿਚ ਟਿਕੇ ਰਹਿਣ ਲਈ ਕੇਸ ਕਰਕੇ ਵੱਸਣ ਵਿਚ ਸਫ਼ਲ ਵੀ ਹੋ ਗਏ ਹਨ।
ਨਿਹੰਗ ਮੁਖੀ ਬਾਬਾ ਬਲਬੀਰ ਸਿਮਘ ਨੇ ਕਿਹਾ ਪੰਜਾਬ ਵਿਚੋਂ ਇਕ ਲਖ ਤੋਂ ਜ਼ਿਆਦਾ ਵਿਦਿਆਰਥੀ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਨ ਜਾ ਰਹੇ ਹਨ; ਉਨ੍ਹਾਂ ਵਿਚੋਂ ਵਡੀ ਗਿਣਤੀ ਨੇ ਪੜ੍ਹਾਈ ਕਰ ਕੇ ਵਾਪਸ ਨਹੀਂ ਪਰਤਣਾ। ਇਹ ਵਿਦਿਆਰਥੀ ਵਿਦੇਸ਼ਾਂ ਦੇ ਅਰਥਚਾਰਿਆਂ ਨੂੰ ਵਡੀ ਸਹਾਇਤਾ ਪਹੁੰਚਾਉਂਦੇ ਹਨ। ਕਈ ਦਹਾਕੇ ਪਹਿਲਾਂ ਪਰਵਾਸ ਕਰਦੇ ਪੰਜਾਬੀ ਵਿਦੇਸ਼ਾਂ `ਚੋਂ ਕਮਾਈ ਕਰ ਕੇ ਪੈਸਾ ਵਾਪਸ ਪੰਜਾਬ `ਚ ਭੇਜਦੇ ਸਨ ਪਰ ਹੁਣ ਰੁਝਾਨ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਹੁਣ ਲੋਕ ਫ਼ੀਸਾਂ ਤੇ ਹੋਰ ਖਰਚਿਆਂ ਲਈ ਕਈ ਸਾਲ ਪੈਸੇ ਵਿਦੇਸ਼ਾਂ ਵਿਚ ਭੇਜਦੇ ਹਨ ਅਤੇ ਰੁਝਾਨ ਇਹ ਹੈ ਕਿ ਪੈਸੇ ਪੰਜਾਬ ਵਿਚ ਭੇਜਣ ਦੀ ਥਾਂ ਨਵੀਆਂ ਜਾਇਦਾਦਾਂ ਵਿਦੇਸ਼ ਵਿਚ ਹੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਇਹ ਸਾਰਾ ਵਰਤਾਰਾ ਦੁਖਾਂਤਕ ਹੈ ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਨੌਜਵਾਨਾਂ ਨੂੰ ਅਣਅਧਿਕਾਰਿਤ ਤੋਰ ਤੇ ਵਿਦੇਸ਼ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।