ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਮਿਲੀਆਂ ਲਾਸ਼ਾਂ, ਜਾਂਚ 'ਚ ਜੁੱਟੀ ਪੁਲਿਸ

ਦੁਆਰਾ: Punjab Bani ਪ੍ਰਕਾਸ਼ਿਤ :Sunday, 05 November, 2023, 06:36 PM

ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਮਿਲੀਆਂ ਲਾਸ਼ਾਂ, ਜਾਂਚ ‘ਚ ਜੁੱਟੀ ਪੁਲਿਸ
ਹਰਿਆਣਾ, 5 Nov. ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸ ਦਈਏ ਐਤਵਾਰ ਨੂੰ ਬਹਾਦੁਰਗੜ੍ਹ ਦੇ ਗੰਗਾਡਵਾ ਪਿੰਡ ‘ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਲਟਕਦੀ ਲਾਸ਼ ਮਿਲੀ। ਇੱਥੇ ਘਰੇਲੂ ਝਗੜੇ ਕਾਰਨ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ (ਇੱਕ ਧੀ ਅਤੇ ਇੱਕ ਪੁੱਤਰ) ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿੱਚ ਰੱਖਿਆ ਗਿਆ ਹੈ।ਬਹਾਦਰਗੜ੍ਹ ਦੇ ਗੰਗਡਵਾ ਪਿੰਡ ਦਾ ਰਹਿਣ ਵਾਲਾ ਕਰਮਬੀਰ (37) ਦਿੱਲੀ ਵਿੱਚ ਬੱਸ ਚਲਾਉਂਦਾ ਸੀ। ਸ਼ਨੀਵਾਰ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਕਰ ਕੇ ਘਰ ਪਰਤਿਆ ਸੀ। ਰਾਤ ਨੂੰ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਵੱਧਣ ਤੋਂ ਬਾਅਦ ਪਤਨੀ ਆਪਣੇ ਜੀਜੇ ਦੇ ਘਰ ਚਲੀ ਗਈ ਸੀ। ਕਰਮਬੀਰ ਤੋਂ ਇਲਾਵਾ ਉਸ ਦੇ ਦੋ ਬੱਚੇ ਬੇਟੀ ਮੁਸਕਾਨ (13) ਅਤੇ ਬੇਟਾ ਤਨੁਜ (11) ਘਰ ‘ਚ ਸਨ। ਜਦੋਂ ਪਤਨੀ ਵਾਪਸ ਆਈ ਤਾਂ ਉਸ ਨੇ ਤਿੰਨੋਂ ਕਮਰੇ ਵਿੱਚ ਲਟਕਦੇ ਪਾਏ। ਮੁੱਢਲੀ ਜਾਂਚ ਅਨੁਸਾਰ ਘਰੇਲੂ ਝਗੜੇ ਕਾਰਨ ਕਰਮਬੀਰ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਫਾਹਾ ਲਗਾ ਲਿਆ ਅਤੇ ਫਿਰ ਫਾਹਾ ਲੈ ਲਿਆ। ਥਾਣਾ ਬਡਾਲੀ ਦੀ ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਅਜਿਹੇ ਮਾਮਲੇ ਸਮਾਜ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ, ਕਿ ਕਿਉਂ ਦਿਨੋ ਦਿਨ ਘਰੇਲੂ ਝਗੜੇ ਵੱਧਦੇ ਜਾ ਰਹੇ ਹਨ। ਖੁਦਕੁਸ਼ੀ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਕਿਵੇਂ ਕੁੱਝ ਸਮੇਂ ਦੇ ਗੁੱਸੇ ਨੇ ਇੱਕ ਪੂਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ।