ਵਿਧਾਇਕ ਕੋਹਲੀ ਵੱਲੋਂ ਦੁਸ਼ਹਿਰੇ ਤੋਂ ਪਹਿਲਾਂ ਪਟਿਆਲਾ ਸ਼ਹਿਰ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ
ਵਿਧਾਇਕ ਕੋਹਲੀ ਵੱਲੋਂ ਦੁਸ਼ਹਿਰੇ ਤੋਂ ਪਹਿਲਾਂ ਪਟਿਆਲਾ ਸ਼ਹਿਰ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ
-ਜੌੜੀਆਂ ਭੱਠੀਆਂ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਰਾਮਲੀਲਾ ਸਟੇਜ ਤੇ ਸਾਈਂ ਮਾਰਕੀਟ ਨੇੜੇ 7.5 ਲੱਖ ਲਾਗਤ ਨਾਲ ਨਵੇਂ ਬਣ ਰਹੇ ਅਗਰਸੈਨ ਚੌਂਕ ਦੇ ਕੰਮ ਦਾ ਨਿਰੀਖਣ
-ਕਿਹਾ, ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਲਈ ਭੇਜੇ 57 ਕਰੋੜ ਰੁਪਏ ਨਾਲ ਵਿਕਾਸ ਕਾਰਜ ਤੇਜੀ ਨਾਲ ਜਾਰੀ
ਪਟਿਆਲਾ, 19 ਅਕਤੂਬਰ:
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੁਸ਼ਹਿਰੇ ਦੇ ਪਾਵਨ ਤਿਉਹਾਰ ਤੋਂ ਪਹਿਲਾਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਹਿਲਾਂ ਜੌੜੀਆਂ ਭੱਠੀਆਂ ਵਿਖੇ 12 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਨਵੀਂ ਬਣਾਈ ਜਾ ਰਹੀ ਰਾਮਲੀਲਾ ਸਟੇਜ ਦੇ ਮੁਕੰਮਲ ਹੋਣ ਨੇੜੇ ਪੁੱਜੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਰਾਮਲੀਲਾ ਕਮੇਟੀ ਵੱਲੋਂ ਇਸ ਸਟੇਜ ਤੇ ਸ਼ੈਡ ਦੀ ਮੁਰੰਮਤ ਲਈ ਪਹੁੰਚ ਕੀਤੀ ਗਈ ਸੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਰਿਆ ਦਿਲੀ ਦਿਖਾਉਂਦੇ ਹੋਏ ਇਸ ਨੂੰ 12 ਲੱਖ ਰੁਪਏ ਤੋਂ ਵਧੇਰੇ ਦਾ ਖਰਚ ਕਰਕੇ ਪੂਰਾ ਹੀ ਨਵਾਂ ਬਣਾ ਦਿੱਤਾ ਗਿਆ ਹੈ।
ਇਸ ਉਪਰੰਤ ਅਜੀਤਪਾਲ ਸਿੰਘ ਕੋਹਲੀ ਵੱਲੋਂ ਇੱਥੇ ਫੁਹਾਰਾ ਚੌਂਕ ਤੋਂ ਮਹਿੰਦਰਾ ਕਾਲਜ ਨੂੰ ਜਾਂਦੀ ਲੋਅਰ ਮਾਲ ਰੋਡ ‘ਤੇ ਸਥਿਤ ਸਾਈ ਮਾਰਕੀਟ ਨੇੜੇ ਕਰੀਬ 7.5 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਜਾ ਰਹੇ ਅਗਰਸੈਨ ਚੌਂਕ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਨਗਰ ਨਿਗਮ ਦੇ ਮੇਅਰ ਸਨ, ਤਾਂ ਉਸ ਸਮੇਂ ਇਸ ਚੌਂਕ ਨੂੰ ਬਣਾਉਣ ਦੀ ਤਜਵੀਜ ਬਣਾਈ ਗਈ ਸੀ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਮੰਗ ‘ਤੇ ਇਸ ਚੌਂਕ ਦੀ ਉਸਾਰੀ ਕਰਵਾਈ ਗਈ ਹੈ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਇਹ ਚੌਂਕ ਫੁਹਾਰਾ ਚੌਂਕ ਤੋਂ ਮਹਿੰਦਰਾ ਕਾਲਜ ਨੂੰ ਜਾਂਦੀ ਇਸ ਅਹਿਮ ਸੜਕ ਉਪਰ ਵਾਹਨਾਂ ਦੀ ਤੇਜ ਰਫ਼ਤਾਰ ਕਰਕੇ ਹੁੰਦੇ ਹਾਦਸੇ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਥੇ ਨੇੜੇ ਸਕੂਲ ਹੋਣ ਕਰਕੇ ਇੱਥੇ ਵਾਹਨਾਂ ਦੀ ਆਵਾਜਾਈ ਜਿਆਦਾ ਹੋ ਜਾਂਦੀ ਹੈ ਅਤੇ ਇਹ ਨਵਾਂ ਚੌਂਕ ਬਣਨ ਨਾਲ ਇੱਥੇ ਤੇਜ ਵਾਹਨਾਂ ਦੀ ਰਫ਼ਤਾਰ ਹੌਲੀ ਹੋਵੇਗੀ ਤੇ ਹਾਦਸੇ ਨਹੀਂ ਵਾਪਰਨਗੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ 57 ਕਰੋੜ ਰੁਪਏ ਦੇ ਫੰਡ ਭੇਜੇ ਸਨ, ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜ ਤੇਜੀ ਨਾਲ ਜਾਰੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਅਤੇ ਉਹ ਇਸ ਸ਼ਕਤੀ ਨੂੰ ਲੋਕਾਂ ਦੀ ਸੇਵਾ ਲਈ ਹੀ ਲਗਾ ਰਹੇ ਹਨ।
ਇਸ ਦੌਰਾਨ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਵਰੁਣ ਜਿੰਦਲ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ। ਜਦਕਿ ਸੰਦੀਪ ਬੰਧੂ, ਨਰੇਸ਼ ਕੁਮਾਰ ਕਾਕਾ, ਕ੍ਰਿਸ਼ਨ ਚੰਦ ਬੁੱਧੂ, ਰੂਬੀ ਭਾਟੀਆ, ਸੁਸ਼ੀਲ ਮਿੱਡਾ, ਗੁਰਸ਼ਰਨ ਸਿੰਘ ਸਨੀ, ਹਰਮਨ ਸੰਧੂ, ਹਰਪ੍ਰੀਤ ਸਿੰਘ, ਅਨਿਲ ਬਿੱਟੂ, ਰਕੇਸ਼ ਜੈਨ, ਰਾਕੇਸ਼ ਆਰੀਅਨ, ਕੇਕੇ ਬਾਂਸਲ, ਰਕੇਸ਼ ਮੰਗਲਾ, ਅਸ਼ੀਸ਼ ਨਈਅਰ, ਹਰਸ਼ਪਾਲ ਸਿੰਘ ਵਾਲੀਆ ਅਤੇ ਹੋਰ ਪਤਵੰਤੇ ਮੌਜੂਦ ਸਨ।