ਮਕੈਨੀਕਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਗ੍ਰੇਟਰ ਨੋਇਡਾ ਵਿਖੇ ਇੰਡੀਅਨ ਕਾਰਟਿੰਗ ਰੇਸ ਸੀਜ਼ਨ-8 ਵਿੱਚ ਪਹਿਲਾ ਇਨਾਮ ਜਿੱਤਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 18 October, 2023, 07:35 PM

ਮਕੈਨੀਕਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਗ੍ਰੇਟਰ ਨੋਇਡਾ ਵਿਖੇ ਇੰਡੀਅਨ ਕਾਰਟਿੰਗ ਰੇਸ ਸੀਜ਼ਨ-8 ਵਿੱਚ ਪਹਿਲਾ ਇਨਾਮ ਜਿੱਤਿਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋੰ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬੁੱਧ ਇੰਟਰਨੈਸ਼ਨਲ ਸਰਕਟ, ਗ੍ਰੇਟਰ ਨੋਇਡਾ ਵਿਖੇ ਇੰਡੀਅਨ ਕਾਰਟਿੰਗ ਰੇਸ ਸੀਜ਼ਨ-8 ਵਿੱਚ ਪਹਿਲਾ ਇਨਾਮ ਜਿੱਤਿਆ ਹੈ।
ਇਸ ਸੰਬੰਧੀ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੀ ਵਰਕਸ਼ਾਪ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਰਗਰਮੀ ਭਰਪੂਰ ਰਹੀ, ਜਿੱਥੇ ਵਿਭਾਗ ਦੇ ‘ਮੋਟੋਸਪੋਰਟਸ ਕਲੱਬ’ ਦੀ ਟੀਮ ‘ਟ੍ਰਿਨਿਟੀ ਕਾਰਟਰਜ਼’ ਦੇ ਵਿਦਿਆਰਥੀ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਆਪਣੇ ਵਾਹਨਾਂ ਦੀ ਡਿਜ਼ਾਈਨਿੰਗ ਅਤੇ ਫੈਬਰੀਕੇਸ਼ਨ ਦੇ ਕੰਮ ਵਿੱਚ ਰੁੱਝੇ ਰਹੇ ਸਨ।
ਜ਼ਿਕਰਯੋਗ ਹੈ ਕਿ ਇੰਡੀਅਨ ਕਾਰਟਿੰਗ ਰੇਸ, ਬੁੱਧ ਇੰਟਰਨੈਸ਼ਨਲ ਸਰਕਟ (ਬੀਆਈਸੀ), ਗ੍ਰੇਟਰ ਨੋਇਡਾ ਵਿਖੇ ਦੇਸ ਭਰ ਦੀਆਂ ਕੁੱਲ 36 ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਆਪਣੇ ਫ਼ੈਕਲਟੀ ਸਲਾਹਕਾਰ ਯੂਨਸ ਮੁਹੰਮਦ ਨਾਲ਼ ਪੁੱਜੇ ਵਿਦਿਆਰਥੀ ਵੱਖ-ਵੱਖ ਯੋਗਤਾ ਪੜਾਵਾਂ ਵਿੱਚੋਂ ਲੰਘੇ ਜਿਨ੍ਹਾਂ ਵਿੱਚ ਡਿਜ਼ਾਈਨ ਨਿਰੀਖਣ, ਲਾਗਤ ਰਿਪੋਰਟ ਨਿਰੀਖਣ, ਸੁਰੱਖਿਆ ਨਿਰੀਖਣ, ਤਕਨੀਕੀ ਨਿਰੀਖਣ ਅਤੇ ਬ੍ਰੇਕ ਟੈਸਟ ਆਦਿ ਸ਼ਾਮਿਲ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਟ੍ਰਿਨਿਟੀ ਕਾਰਟਰਜ਼ ਨੇ ਆਪਣੇ ਡਰਾਈਵਿੰਗ ਹੁਨਰ ਨਾਲ ਇਸ ਮੌਕੇ ਉੱਤੇ ਬਹੁਤ ਦਬਦਬਾ ਬਣਾਇਆ ਅਤੇ ਬਿਨਾਂ ਕਿਸੇ ਪੈਨਲਟੀ ਦੇ ਸਿਰਫ਼ 32 ਸਕਿੰਟਾਂ ਵਿੱਚ ਰਾਊਂਡ ਪੂਰਾ ਕਰਕੇ ਕਰੌਸ-ਪੈਡ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੌਰਾਨ ਇਸ ਟੀਮ ਨੇ ਪਿਛਲੇ ਸੀਜ਼ਨ ਦੇ ਆਪਣੇ ਹੀ ਰਿਕਾਰਡ ਨੂੰ ਦੋ ਸਕਿੰਟ ਦੇ ਫਰਕ ਨਾਲ਼ ਮਾਤ ਦਿੱਤੀ।
ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਖੇ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।