ਪਰਲਜ਼ ਗਰੁੱਪ ਘਪਲਾ: ਵਿਜੀਲੈਂਸ ਵੱਲੋਂ ਤਿੰਨ ਭਗੌੜੇ ਗੁਜਰਾਤ ਤੋਂ ਗ੍ਰਿਫ਼ਤਾਰ

ਪਰਲਜ਼ ਗਰੁੱਪ ਘਪਲਾ: ਵਿਜੀਲੈਂਸ ਵੱਲੋਂ ਤਿੰਨ ਭਗੌੜੇ ਗੁਜਰਾਤ ਤੋਂ ਗ੍ਰਿਫ਼ਤਾਰ
ਚੰਡੀਗੜ੍ਹ, 23 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਗੁਜਰਾਤ ਪੁਲੀਸ ਦੇ ਸਹਿਯੋਗ ਨਾਲ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਡ (ਪੀਏਸੀਐੱਲ) ਕੇਸ ਵਿੱਚ ਲੋੜੀਂਦੇ ਤਿੰਨ ਭਗੌੜਿਆਂ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਕੀਰਤ ਸਿੰਘ ਵਾਸੀ ਪਿੰਡ ਸ਼ਮਸ਼ਪੁਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਪ੍ਰਭਜੋਤ ਸਿੰਘ ਵਾਸੀ ਪਿੰਡ ਗੋਨਿਆਣਾ ਕਲਾਂ ਜ਼ਿਲ੍ਹਾ ਬਠਿੰਡਾ ਅਤੇ ਪਰਦੀਪ ਸਿੰਘ ਵਾਸੀ ਪਿੰਡ ਜਲਵੇੜਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਲਜ਼ਮ ਥਾਣਾ ਜ਼ੀਰਾ (ਜ਼ਿਲ੍ਹਾ ਫ਼ਿਰੋਜ਼ਪੁਰ) 16 ਜੁਲਾਈ 2020 ਨੂੰ ਧਾਰਾ 406, 420, 467, 468, 471 ਅਤੇ 120-ਬੀ ਤਹਿਤ ਦਰਜ ਮਾਮਲੇ ਵਿੱਚ ਲੋੜੀਂਦੇ ਸਨ।
ਇਸ ਕੇਸ ਵਿੱਚ ਇਨ੍ਹਾਂ ਮੁਲਜ਼ਮਾਂ ’ਤੇ ਪਿੰਡ ਘੋਲੂਮਾਜਰਾ (ਮੁਹਾਲੀ) ਵਿੱਚ ਪੀਏਸੀਐੱਲ ਦੀਆਂ ਵੱਖ-ਵੱਖ ਜਾਇਦਾਦਾਂ ਦੀ ਗ਼ੈਰਕਾਨੂੰਨੀ ਤੌਰ ’ਤੇ ਮਾਲਕੀ ਦਾ ਤਬਾਦਲਾ ਕਰਨ ਦਾ ਦੋਸ਼ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਕਰਦਿਆਂ ਜਾਇਦਾਦਾਂ ਦੀ ਫ਼ਰੋਖ਼ਤ/ਤਬਾਦਲਾ-ਏ-ਮਲਕੀਅਤ ਦਾ ਅਮਲ ਜਾਰੀ ਰੱਖਿਆ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਹਰਕੀਰਤ ਸਿੰਘ ਥਾਣਾ ਪੰਜਾਬ ਸਟੇਟ ਕ੍ਰਾਈਮ ਸੈੱਲ ’ਚ ਇਸੇ ਸਾਲ 21 ਫਰਵਰੀ ਨੂੰ ਦਰਜ ਮਾਮਲੇ ਵਿੱਚ ਵੀ ਲੋੜੀਂਦਾ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਤਿੰਨੋਂ ਮੁਲਜ਼ਮਾਂ ਦਾ ਰਾਹਦਾਰੀ ਰਿਮਾਂਡ ਲੈ ਲਿਆ ਗਿਆ ਹੈ।
