ਪੰਜਾਬ ਵਿੱਚ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ ਅੱਜ ਤੋਂ

ਦੁਆਰਾ: Punjab Bani ਪ੍ਰਕਾਸ਼ਿਤ :Saturday, 24 February, 2024, 06:08 PM

ਪੰਜਾਬ ਵਿੱਚ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ ਅੱਜ ਤੋਂ

• 78.75 ਲੱਖ ਰੁਪਏ ਦੀ ਲਾਗਤ ਨਾਲ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 24 ਫਰਵਰੀ:

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 25 ਫਰਵਰੀ ਤੋਂ ਲੰਪੀ ਸਕਿੱਨ ਬਿਮਾਰੀ ਤੋਂ ਗਊਧਨ ਦੇ ਬਚਾਅ ਲਈ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵੱਲੋਂ ਤੇਲੰਗਾਨਾ ਸਟੇਟ ਵੈਟਰਨਰੀ ਬਾਇਓਲਾਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ ਤੋਂ 78.75 ਲੱਖ ਰੁਪਏ ਦੀ ਲਾਗਤ ਨਾਲ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਖਰੀਦੀਆਂ ਗਈਆਂ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਟੇਟ ਵੈਟਰਨਰੀ ਵੈਕਸੀਨ ਇੰਸਟੀਚਿਊਟ, ਲੁਧਿਆਣਾ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਵੈਕਸੀਨ ਭੇਜ ਦਿੱਤੀ ਗਈ ਹੈ। ਇਸ ਮੁਹਿੰਮ ਤਹਿਤ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਕੈਟਲ ਪੌਂਡਸ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਸਮੇਤ ਸੂਬੇ ਦੇ ਸਾਰੇ ਗਊਧਨ ਨੂੰ ਇਹ ਵੈਕਸੀਨ ਮੁਫ਼ਤ ਲਗਾਈ ਜਾਵੇਗੀ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜੁਆਇੰਟ ਡਾਇਰੈਕਟਰ ਆਰ.ਡੀ.ਡੀ.ਐਲ., ਜਲੰਧਰ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਪੰਜਾਬ ਪਸ਼ੂ ਪਾਲਣ ਵਿਭਾਗ ਵੱਲੋਂ ਸੂਬਾ ਪੱਧਰ ‘ਤੇ ਇਕ ਕੰਟਰੋਲ ਰੂਮ ਸਥਾਪਤ ਕਰਨ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਤ ਕੀਤੇ ਗਏ ਹਨ। ਵਿਭਾਗ ਨੇ ਪਸ਼ੂ ਪਾਲਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 0172-2217084 ਵੀ ਜਾਰੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਲਈ ਗੋਟ ਪੌਕਸ ਵੈਕਸੀਨ ਦੀ ਇਹ ਬੂਸਟਰ ਡੋਜ਼ ਤੀਜੀ ਵਾਰ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੈਕਸੀਨ ਲਈ ਕੋਲਡ ਚੇਨ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਪਸ਼ੂ ਪਾਲਕਾਂ ਨੂੰ ਟੀਕਾਕਰਨ ਮੁਹਿੰਮ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ।



Scroll to Top