ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਤਾਬਦੀ ਸਮਾਗਮ

ਦੁਆਰਾ: Punjab Bani ਪ੍ਰਕਾਸ਼ਿਤ :Monday, 07 August, 2023, 07:23 PM

ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਤਾਬਦੀ ਸਮਾਗਮ
11 ਅਗਸਤ ਤੋਂ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਹੋਣਗੇ
ਇਨ੍ਹਾਂ ਸਮਾਗਮਾਂ ਦੌਰਾਨ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਹਾਜ਼ਰੀ ਭਰਨਗੇ
ਅੰਮ੍ਰਿਤਸਰ / 7 ਅਗਸਤ : ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੰਗਲੈਂਡ ਦੀਆਂ ਸਿੱਖ ਸੰਗਤਾਂ ਦੀ ਜ਼ੋਰਦਾਰ ਮੰਗ ਨੂੰ ਮੁੱਖ ਰਖਦਿਆਂ ਮਿਤੀ 11 ਅਗਸਤ ਤੋਂ 29 ਅਗਸਤ ਤੱਕ ਵੱਖ-ਵੱਖ ਗੁਰੂ ਅਸਥਾਨਾਂ ਦੇ ਗੁਰਮਤਿ ਸਮਾਗਮ ਅਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੋਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਲਈ ਇੰਗਲੈਂਡ ਪਹੁੰਚ ਰਹੇ ਹਨ।
ਇਹ ਜਾਣਕਾਰੀ ਬੁੱਢਾ ਦਲ ਦੇ ਅੰਮ੍ਰਿਤਸਰ ਸਥਿਤ ਹੈਡ ਕੁਆਟਰ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਪੈ੍ਰਸ ਬਿਆਨ ਵਿੱਚ ਦਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਇੰਗਲੈਂਡ ਦੀਆਂ ਸੰਗਤਾਂ ਨੂੰ ਬੁੱਢਾ ਦਲ ਕੋਲ ਮੌਜੂਦ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਕਟਾਰ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ, ਸਾਹਿਬਜ਼ਾਦਾ ਫਤਿਹ ਸਿੰਘ ਦੀ ਢਾਲ, ਅਕਾਲੀ ਬਾਬਾ ਫੂਲਾ ਸਿੰਘ ਦਾ ਖੰਜਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਮਸ਼ੀਰ, ਸ਼ਹੀਦ ਬਾਬਾ ਦੀਪ ਸਿੰਘ ਦੀ ਦਸਤਾਰ ਦਾ ਚੱਕਰ ਆਦਿ ਦੇ ਦਰਸ਼ਨ ਕਰਵਾਏ ਜਾਣਗੇ।
ਉਨ੍ਹਾਂ ਦਸਿਆ ਕਿ ਇਹ ਸਮਾਗਮ ਮਾਨਚੈਸਟਰ, ਸਮੈਥਵਿਕ, ਦੇਰਬੀ, ਹਾਈਸ, ਸ਼ੈਪਰਡਸ ਬੁਸ਼, ਸਾਊਥਹਾਲ ਅਤੇ ਸਲਾਜ਼, ਸੈਵਨ ਕਿੰਗਸ ਈਸਟ ਲੰਡਨ, ਲਾਈਚੈਸਟਰ ਅਤੇ ਵੈਸਟ ਬਰੋਮ ਵਿਖੇ ਸਮਾਗਮ ਹੋਣਗੇ। ਜਿਨ੍ਹਾਂ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਹਾਜ਼ਰੀ ਭਰਨਗੇ।



Scroll to Top